ਖਨੌਰੀ, 17 ਦਸੰਬਰ 2024 : ਪਿਛਲੇ 22 ਦਨਿਾਂ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਨਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਨੌਰੀ ਬਾਰਡਰ ਪਹੁੰਚੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 'ਅਸੀਂ ਕਿਵੇਂ ਦੇ ਲੋਕਤੰਤਰ ਵਾਲੇ ਮੁਲਕ ਚ ਰਹਿ ਰਹੇ ਹਾਂ ਸਮਝ ਨਹੀਂ ਆ ਰਿਹਾ। ਕਿਸਾਨਾਂ ਦਾ ਦੁੱਖ ਸਰਕਾਰ ਨਹੀਂ ਸਮਝਦੀ। ਉਨ੍ਹਾਂ ਕਿਹਾ ਕਿ ਡੱਲੇਵਾਲ 22 ਦਿਨਾਂ ਤੋਂ ਮਰਨ ਵਰਤ ਉੱਤੇ ਹਨ। ਇਹ ਜ਼ਿੱਦ ਨਹੀਂ ਸਗੋਂ ਇਹ ਸਿਰੜ ਹੈ। ਦੇਸ਼ ਦਾ ਕਿਸਾਨ ਬੁਰੇ ਦੌਰ ’ਚੋਂ ਗੁਜਰ ਰਿਹਾ ਹੈ। ਇਸ ਅੰਦੋਲਨ ’ਚ ਸਾਰੇ ਵਰਗਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਇਹ ਖੇਤੀ ਦੇਸ਼ ਹੈ ਤਾਂ ਹੀ ਦੇਸ਼ ਜਿਊਂਦਾ ਹੈ। ਜੇਕਰ ਖੇਤੀ ਕਮਜ਼ੋਰ ਕਰ ਲਈ ਤਾਂ ਕੋਈ ਵੀ ਸੈਕਟਰ ਉਪਰ ਨਹੀਂ ਉਠ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਸਾਰੇ ਐਮਪੀ ਮਿਲ ਕੇ ਪਾਰਲੀਮੈਂਟ ਵਿਚ ਇਕੱਠੇ ਹੋ ਕੇ ਆਵਾਜ਼ ਉਠਾਉਣ, ਤਾਂ ਸਾਡੀ ਆਵਾਜ਼ ਸੁਣੀ ਜਾਵੇਗੀ ਅਤੇ ਤਾਂ ਅਸੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾ ਪਵਾਂਗੇ। ਇਸ ਅੰਦੋਲਨ ’ਚ ਸਾਰੇ ਵਰਗਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਖੇਤੀਬਾੜੀ ਪ੍ਰਧਾਨ ਦੇਸ਼ ਹੈ ਜੇ ਖੇਤੀ ਮਰਦੀ ਹੈ ਤਾਂ ਦੇਸ਼ ਵੀ ਜਿਉਂਦਾ ਨਹੀਂ ਰਹੇਗਾ, ਇਹ ਗੱਲ ਲੋਕ ਸਮਝਦੇ ਨੇ ਪਰ ਸਰਕਾਰਾਂ ਇਹ ਗੱਲ ਨਹੀਂ ਸਮਝ ਰਹੀਆਂ। ਇਹ ਕੇਵਲ ਇੱਕ ਜ਼ਿੰਦਗੀ ਮਸਲਾ ਨਹੀਂ ਹੈ ਸਗੋਂ ਇਹ ਕਿਸਾਨਾਂ ਤੇ ਉਨ੍ਹਾਂ ਨੇ ਨਿਰਭਰ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ। ਅੱਜ ਤੁਸੀਂ ਖੇਤੀ ਨੂੰ ਮਨਫੀ ਕਰ ਦਿਓ, ਵੱਡੀਆਂ-ਵੱਡੀਆਂ ਫੈਕਟਰੀਆਂ ਦੇਸ਼ ਦੀ GDP ਨੂੰ ਸੰਭਾਲ ਨਹੀਂ ਸਕਣਗੇ। ਜੇ ਖੇਤੀ ਨਾ ਬਚੀ ਤਾਂ ਕੋਈ ਵੀ ਨਹੀਂ ਬਚੇਗਾ। ਜਥੇਦਾਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ।