ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ 'ਤੇ ਮੀਡੀਆ 'ਚ ਜੋ ਰੰਗਲਾ ਪੰਜਾਬ ਇਸ਼ਤਿਹਾਰਾਂ ਚ ਦਿਖਾ ਰਹੀ ਹੈ, ਜ਼ਮੀਨੀ ਹਕੀਕਤ ਉਸ ਦੇ ਬਿਲਕੁਲ ਉਲਟ ਹੈ। ਇਹ ਵਿਚਾਰ ਪ੍ਰਗਟਾਉਂਦਿਆਂ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਕਿਹਾ ਕਿ 'ਆਪ' ਸਰਕਾਰ ਹਕੀਕੀ ਤੌਰ ਤੇ ਪੂਰੀ ਤਰ੍ਹਾਂ ਫ਼ੇਲ ਸਿੱਧ ਹੋ ਰਹੀ ਹੈ। ਪੰਜਾਬ ਵਿੱਚ ਖੇਤੀਬਾੜੀ, ਵਿਕਾਸ ਅਤੇ ਅਮਨ-ਕਾਨੂੰਨ ਸਮੇਤ ਕਈ ਖ਼ੇਤਰਾਂ ਦਾ ਕੁਝ ਮੀਡੀਆ ਹਿੱਸੇ ਚ ਇਸ਼ਤਿਹਾਰਾਂ ਰਾਹੀਂ, ਆਮ ਆਦਮੀ ਪਾਰਟੀ ਇਸ ਦੇ ਉਲਟ ਝੂਠਾ ਪ੍ਰਚਾਰ ਕਰ ਰਹੀ ਹੈ। ਬਾਜਵਾ ਨੇ ਕਿਹਾ ਕਿ ਬੀਕੇਯੂ ਏਕਤਾ ਉਗਰਾਹਾਂ ਦੇ ਬੈਨਰ ਹੇਠ ਕਿਸਾਨਾਂ ਨੇ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਅਣਮਿੱਥੇ ਸਮੇਂ ਲਈ ਅੰਦੋਲਨ ਸ਼ੁਰੂ ਕੀਤਾ ਹੋਏ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ 'ਤੇ ਭਰੋਸਾ ਦੇਣ ਦੇ ਬਾਵਜੂਦ ਜਿਨ੍ਹਾਂ ਕਿਸਾਨਾਂ ਦੀ ਫਸਲ ਬਰਸਾਤ ਅਤੇ ਕੀੜਿਆਂ ਦੇ ਹਮਲੇ ਕਾਰਨ ਨੁਕਸਾਨੀ ਗਈ ਸੀ, ਉਨ੍ਹਾਂ ਨੂੰ ਮੁਆਵਜ਼ਾ, ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ 200 ਰੁਪਏ ਪ੍ਰਤੀ ਕੁਇੰਟਲ ਦੀ ਵਿੱਤੀ ਸਹਾਇਤਾ, ਜ਼ਮੀਨ ਗ੍ਰਹਿਣ ਕਰਨ ਲਈ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ, ਡੇਅਰੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੱਕੀ, ਮੂੰਗੀ ਅਤੇ ਬਾਸਮਤੀ ਵਰਗੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਬਿਮਾਰੀ ਕਾਰਨ ਸ਼ਿਕਾਰ ਹੋਏ ਪਸ਼ੂਆਂ ਦਾ ਮੁਆਵਜਾ ਵੀ ਨਹੀਂ ਦਿੱਤਾ ਗਿਆ ਹੈ! ਸਾਫ ਹੈ ਕਿ ਸਰਕਾਰ ਹੁਣ ਆਪਣੇ ਵਾਅਦਿਆਂ ਤੋਂ ਮੂੰਹ ਮੋੜ ਰਹੀ ਹੈ। ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਦੀ ਸਥਿਤੀ 'ਤੇ ਚੁਟਕੀ ਲੈਂਦਿਆਂ ਬਾਜਵਾ ਨੇ ਕਿਹਾ ਕਿ ਰੇਤ ਅਤੇ ਬਜਰੀ ਸਮੇਤ ਜ਼ਰੂਰੀ ਉਸਾਰੀ ਸਮੱਗਰੀ ਦੀ ਭਾਰੀ ਕਮੀ ਨੇ ਸੂਬੇ ਦੇ ਵਿਕਾਸ ਕਾਰਜਾਂ ਨੂੰ ਰੋਕ ਦਿੱਤਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਵੀ ਇਸੇ ਕਾਰਨ ਆਪਣੇ ਪ੍ਰੋਜੈਕਟ ਬੰਦ ਕਰ ਦਿੱਤੇ ਹਨ। ਪੰਜਾਬ ਦੇ ਵਸਨੀਕ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਗੁਆਂਢੀ ਰਾਜਾਂ ਤੋਂ ਮਹਿੰਗੇ ਰੇਟਾਂ 'ਤੇ ਰੇਤ ਖਰੀਦਣ ਲਈ ਮਜਬੂਰ ਹਨ। ਰੇਤ ਦੀ ਘਾਟ ਕਾਰਨ ਉਸਾਰੀ ਮਜ਼ਦੂਰ, ਦਿਹਾੜੀਦਾਰ ਅਤੇ ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਆਪਣਾ ਗੁਜ਼ਾਰਾ ਚਲਾਉਣਾ ਔਖਾ ਹੋ ਜਾਂਦਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸਭ ਤੋਂ ਹੇਠਲੇ ਪੱਧਰ ’ਤੇ ਹੈ। ਪੁਲਿਸ ਦੀ ਗ੍ਰਿਫ਼ਤ ਤੋਂ ਖੌਫਨਾਕ ਦੋਸ਼ੀ ਫ਼ਰਾਰ ਹੋ ਰਹੇ ਹਨ। ਇੱਥੋਂ ਤੱਕ ਕਿ ਅੱਜ ਕੱਲ੍ਹ ਸਭ ਤੋਂ ਛੋਟੇ ਅਪਰਾਧੀਆਂ ਕੋਲ ਬੰਦੂਕਾਂ ਹਨ। ਕੁਝ ਦਿਨ ਪਹਿਲਾਂ ਮੋਗਾ ਦੇ ਸੀਆਈਏ ਸਟਾਫ਼ ਦੇ ਇੰਚਾਰਜ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਹੱਸਦੇ ਹੋਏ ਅਤੇ ਪਿੱਠ ਥਪਥਪਾਉਂਦੇ ਦੇਖਿਆ ਗਿਆ ਸੀ। ਇਹ ਉਦਾਹਰਣਾਂ 'ਆਪ' ਸਰਕਾਰ ਦੇ ਅਧੀਨ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਡੂੰਘੇ ਗਠਜੋੜ ਨੂੰ ਦਰਸਾਉਂਦੀਆਂ ਹਨ।