ਕੁਲਗਾਮ, 19 ਦਸੰਬਰ 2024 : ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਵੀਰਵਾਰ ਤੜਕੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਫ਼ੌਜ ਦੇ ਜਵਾਨਾਂ ਨੇ ਮੁਕਾਬਲੇ 'ਚ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ। ਫ਼ੌਜੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੁਰੱਖਿਆ ਬਲਾਂ ਨੇ ਸ਼ੱਕੀ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਬੁੱਧਵਾਰ ਰਾਤ ਨੂੰ ਜ਼ਿਲੇ ਦੇ ਬੇਹੀਬਾਗ ਖੇਤਰ ਦੇ ਕੱਦਾਰ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਕੁਝ ਸਮੇਂ ਬਾਅਦ ਤਲਾਸ਼ੀ ਮੁਹਿੰਮ ਮੁੱਠਭੇੜ ਵਿੱਚ ਬਦਲ ਗਈ। ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਫ਼ੌਜ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਜਿੱਥੇ ਜਵਾਨਾਂ ਨੇ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ। ਉੱਥੇ ਹੀ ਆਪਰੇਸ਼ਨ 'ਚ ਸੁਰੱਖਿਆ ਬਲਾਂ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਪੰਜ ਅੱਤਵਾਦੀਆਂ ਦੀਆਂ ਲਾਸ਼ਾਂ ਬਾਗਾਂ 'ਚ ਪਈਆਂ ਸਨ। ਭਾਰਤੀ ਫ਼ੌਜ ਦੀ ਚਿਨਾਰ ਕੋਰ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਕਿ ਅੱਤਵਾਦੀਆਂ ਦੀ ਮੌਜੂਦਗੀ ਦੇ ਸਬੰਧ 'ਚ ਖਾਸ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਭਾਰਤੀ ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਇਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਅੱਤਵਾਦੀਆਂ ਨੇ ਅੰਨ੍ਹੇਵਾਹ ਹਮਲਾ ਕੀਤਾ ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਗਗਨਗੀਰ, ਗੰਦਰਬਲ ਅਤੇ ਕਈ ਹੋਰ ਅੱਤਵਾਦੀ ਹਮਲਿਆਂ ਵਿੱਚ ਨਾਗਰਿਕਾਂ ਦੀ ਹੱਤਿਆ ਵਿੱਚ ਸ਼ਾਮਲ ਇੱਕ ਅੱਤਵਾਦੀ ਸ਼੍ਰੀਨਗਰ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਅਨੰਤਨਾਗ ਅਤੇ ਖਾਨਯਾਰ 'ਚ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ 'ਚ ਤਿੰਨ ਅੱਤਵਾਦੀ ਮਾਰੇ ਗਏ ਸਨ। ਸਭ ਤੋਂ ਘਾਤਕ ਹਮਲਾ 20 ਅਕਤੂਬਰ ਨੂੰ ਹੋਇਆ ਜਦੋਂ ਅੱਤਵਾਦੀਆਂ ਨੇ ਗੰਦਰਬਲ ਜ਼ਿਲ੍ਹੇ ਵਿੱਚ ਇੱਕ ਸੁਰੰਗ ਨਿਰਮਾਣ ਵਾਲੀ ਥਾਂ 'ਤੇ ਇੱਕ ਸਥਾਨਕ ਡਾਕਟਰ ਅਤੇ ਬਿਹਾਰ ਦੇ ਦੋ ਮਜ਼ਦੂਰਾਂ ਸਮੇਤ ਸੱਤ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਜੰਮੂ-ਕਸ਼ਮੀਰ 'ਚੋਂ ਅੱਤਵਾਦੀਆਂ ਦਾ ਖ਼ਾਤਮਾ ਜਾਰੀ ਹੈ। ਸੁਰੱਖਿਆ ਬਲ ਲਗਾਤਾਰ ਅੱਤਵਾਦੀਆਂ ਨੂੰ ਮਾਰ ਰਹੇ ਹਨ। ਇਸ ਤੋਂ ਪਹਿਲਾਂ ਫ਼ੌਜ ਦੇ ਜਵਾਨਾਂ ਨੇ ਬਾਂਦੀਪੋਰਾ 'ਚ ਤਲਾਸ਼ੀ ਮੁਹਿੰਮ ਦੌਰਾਨ ਇਕ ਅੱਤਵਾਦੀ ਨੂੰ ਮਾਰ ਦਿੱਤਾ ਸੀ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀ ਨੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਵਾਨਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਮਾਰੇ ਗਏ ਅੱਤਵਾਦੀ ਦੀ ਪਛਾਣ ਨਹੀਂ ਹੋ ਸਕੀ ਹੈ।