ਗੁਜਰਾਤ 'ਚ ਸੜਕ ਹਾਦਸੇ ਵਿੱਚ 5 ਸੈਲਾਨੀਆਂ ਦੀ ਮੌਤ, 10 ਜ਼ਖ਼ਮੀ 

ਸੁਰੇਂਦਰ ਨਗਰ, 23 ਫਰਵਰੀ 2025 : ਗੁਜਰਾਤ ਦੇ ਸੁਰੇਂਦਰ ਨਗਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਪੱਛਮੀ ਬੰਗਾਲ ਦੇ ਪੰਜ ਸੈਲਾਨੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਚੁਰਾ ਥਾਣੇ ਦੇ ਸਬ-ਇੰਸਪੈਕਟਰ ਜੇ.ਐਨ.ਗਮਾਰਾ ਨੇ ਦੱਸਿਆ ਕਿ ਇਹ ਹਾਦਸਾ ਲਿਮਬਡੀ ਤਾਲੁਕਾ ਦੇ ਪਿੰਡ ਨਵੀ ਮੋਰਵਾੜ ਨੇੜੇ ਰਾਸ਼ਟਰੀ ਰਾਜਮਾਰਗ 'ਤੇ ਸ਼ਾਮ ਕਰੀਬ 4.30 ਵਜੇ ਵਾਪਰਿਆ। ਉਨ੍ਹਾਂ ਕਿਹਾ ਕਿ ਬੰਗਾਲ ਦੇ ਸੈਲਾਨੀਆਂ ਦਾ ਇੱਕ ਸਮੂਹ ਟੈਂਪੂ ਟਰੈਵਲਰ ਵਿੱਚ ਸਫ਼ਰ ਕਰ ਰਿਹਾ ਸੀ ਜਦੋਂ ਗੱਡੀ ਇੱਕ ਡੰਪਰ ਨਾਲ ਟਕਰਾ ਗਈ। ਅਧਿਕਾਰੀ ਨੇ ਕਿਹਾ ਕਿ ਉਹ ਦੀਵ ਅਤੇ ਗਿਰ ਵਰਗੀਆਂ ਥਾਵਾਂ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ ਅਤੇ ਦੋ ਦਿਨਾਂ ਬਾਅਦ ਅਹਿਮਦਾਬਾਦ ਤੋਂ ਫਲਾਈਟ ਸੀ। ਉਨ੍ਹਾਂ ਦੱਸਿਆ ਕਿ ਦੋ ਔਰਤਾਂ ਅਤੇ ਤਿੰਨ ਮਰਦਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 10 ਹੋਰਾਂ ਨੂੰ ਇਲਾਜ ਲਈ ਜ਼ਿਲ੍ਹੇ ਦੇ ਸੈਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।