ਪੀਏਯੂ ਲਈ ਸ਼ਾਨਦਾਰ ਸਫਲਤਾ ਅਤੇ ਸੰਭਾਵਨਾਵਾਂ ਭਰਪੂਰ ਰਿਹਾ ਸਾਲ 2024

ਲੁਧਿਆਣਾ 12 ਦਸੰਬਰ, 2024 : ਆਪਣੀ ਸਥਾਪਨਾ ਤੋਂ ਹੀ ਪੀ.ਏ.ਯੂ. ਨੇ ਕਿਸਾਨੀ ਅਤੇ ਸਮਾਜ ਦੀ ਬਿਹਤਰੀ ਲਈ ਬੇਹੱਦ ਇਤਿਹਾਸਕ ਕਾਰਜ ਕੀਤਾ। ਦੇਸ਼ ਨੂੰ ਅਨਾਜ ਦੀ ਕਮੀ ਨਾਲ ਜੂਝਦੇ ਹਾਲਾਤ ਵਿੱਚੋਂ ਕੱਢ ਕੇ ਅੰਨ ਭੰਡਾਰਾਂ ਦੀ ਭਰਪੂਰਤਾ ਤੱਕ ਲਿਜਾਣ ਵਿਚ ਪੀ.ਏ.ਯੂ. ਦਾ ਯੋਗਦਾਨ ਬੇਮਿਸਾਲ ਰਿਹਾ। ਇਸ ਕਾਰਜ ਲਈ ਜਿੱਥੇ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੇ ਭਰਪੂਰ ਕਾਰਜ ਕੀਤਾ, ਉੱਥੇ ਕਿਸਾਨਾਂ ਵੱਲੋਂ ਵੀ ਸ਼ਿਫ਼ਾਰਸ਼ ਕੀਤੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਨਵੇਂ ਖੇਤੀ ਢੰਗਾਂ ਨੂੰ ਅਪਣਾ ਕੇ ਵਾਧੂ ਉਤਪਾਦਨ ਦੇ ਰਾਹ ਵੱਲ ਤੁਰਿਆ ਗਿਆ। ਅਜੋਕਾ ਸਮਾਂ ਭਾਵੇਂ ਖੇਤੀ ਖੇਤਰ ਲਈ ਬਦਲਵੇਂ ਹਾਲਾਤ ਵਾਲਾ ਹੈ। ਵਰਤਮਾਨ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਖੇਤੀ ਨੂੰ ਦਰਪੇਸ਼ ਹਨ। ਇਸ ਦੇ ਬਾਵਜੂਦ ਪੀ.ਏ.ਯੂ. ਦੇ ਮਾਹਿਰ ਨਵੇਂ ਯੁੱਗ ਵਿਚ ਨਵੇਂ ਢੰਗਾਂ ਨੂੰ ਵਿਕਸਿਤ ਕਰਨ ਅਤੇ ਸਮੇਂ ਅਨੁਸਾਰ ਨਵੀਆਂ ਖੇਤੀ ਯੁਕਤਾਂ ਦੀ ਤਲਾਸ਼ ਕਰਨ ਲਈ ਤਤਪਰ ਹਨ। ਲੰਘੇ ਸਾਲ 2024 ਵਿਚ ਵੀ ਪੀ.ਏ.ਯੂ. ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਜਾਰੀ ਰੱਖਦਿਆਂ ਸਫਲਤਾ ਦੀਆਂ ਪੈੜਾਂ ਨੂੰ ਗੂੜ੍ਹਾ ਕੀਤਾ ਅਤੇ ਨਾਲ ਹੀ ਭਵਿੱਖ ਦੀ ਖੇਤੀ ਵੱਲ ਲਿਜਾਣ ਦਾ ਸੰਭਾਵਨਾਵਾਂ ਭਰਪੂਰ ਰਾਹ ਵੀ ਪੱਧਰਾ ਕੀਤਾ। ਖੇਤੀ ਖੋਜ, ਪਸਾਰ ਅਤੇ ਸਿੱਖਿਆ ਦੇ ਖੇਤਰ ਵਿਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਇਸ ਵਰ੍ਹੇ ਨਿਰੰਤਰ ਜਾਰੀ ਰਹੀਆਂ। ਨੈਸ਼ਨਲ ਇੰਸਟੀਚਿਊਟਸ਼ਨਲ ਰੈਂਕਿੰਗ ਫਰੇਮ ਵਰਕ (ਐੱਨ ਆਈ ਆਰ ਐੱਫ) ਵੱਲੋਂ 2024 ਦੀ ਰੈਂਕਿੰਗ ਵਿਚ ਪੀ.ਏ.ਯੂ. ਨੂੰ ਦੇਸ਼ ਦੀਆਂ 75 ਯੂਨੀਵਰਸਿਟੀਆਂ ਵਿੱਚੋਂ ਲਗਾਤਾਰ ਦੂਸਰੇ ਸਾਲ ਸਿਖਰਲਾ ਸਥਾਨ ਮਿਲਿਆ। ਇਸਦੇ ਨਾਲ ਹੀ ਰਾਸ਼ਟਰੀ ਖੇਤੀ ਸਿੱਖਿਆ ਪੜਚੋਲ ਬੋਰਡ ਨੇ 2024 ਤੋਂ 2029 ਤੱਕ ਦੀ ਰੈਂਕਿੰਗ ਲਈ ਪੁਰਸਕਾਰ ਪ੍ਰਦਾਨ ਕੀਤਾ। ਪੀ.ਏ.ਯੂ. ਨੇ ਸਮੁੱਚੇ ਰੂਪ ਵਿਚ 4 ਵਿੱਚੋਂ 3.59 ਦੀ ਰੈਂਕਿੰਗ ਹਾਸਲ ਕੀਤੀ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ A+ ਦੀ ਰੈਂਕਿੰਗ ਹਾਸਲ ਕੀਤੀ। ਨਾਲ ਹੀ ਯੂਨੀਵਰਸਿਟੀਆਂ ਦੇ ਕਾਲਜ ਨੂੰ ਵੀ ਮਾਣਤਾ ਪ੍ਰਾਪਤ ਹੋਈ। ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੇ ਸਲਾਨਾ ਬਜਟ ਵਿਚ ਬੁਨਿਆਦੀ ਢਾਂਚੇ ਦੇ ਨਾਲ-ਨਾਲ ਖੋਜ, ਅਧਿਆਪਨ ਅਤੇ ਪਸਾਰ ਪ੍ਰੋਗਰਾਮਾਂ ਦੇ ਵਾਧੇ ਲਈ 2024-25 ਵਿਚ 40 ਕਰੋੜ ਰੁਪਏ ਦੀ ਵਾਧੂ ਇਮਦਾਦ ਹਾਸਲ ਹੋਈ। ਇਸਦੇ ਨਾਲ ਹੀ ਯੂਨੀਵਰਸਿਟੀ ਦੇ ਕਈ ਕੇਂਦਰਾਂ ਨੂੰ ਸਰਵ ਭਾਰਤੀ ਕੁਆਰਡੀਨੇਟਿਡ ਖੋਜ ਪ੍ਰੋਜੈਕਟਾਂ ਵਿਚ ਸਰਵੋਤਮ ਕੇਂਦਰਾਂ ਵਜੋਂ ਸੁਣਿਆ ਗਿਆ, ਜਿਨ੍ਹਾਂ ਵਿਚ ਸਰਵੋਤਮ ਚਾਰਾ ਫਸਲਾਂ ਕੇਂਦਰ ਐਵਾਰਡ 2024 ਅਤੇ ਸਰਵੋਤਮ ਪ੍ਰੋਜੈਕਟ ਕੇਂਦਰ (ਚੌਲਾਂ ਦੀ ਕਾਸ਼ਤ) ਅਤੇ ਸਮੁੱਚੇ ਰੂਪ ਵਿਚ ਸਰਵੋਤਮ ਏ ਆਈ ਸੀ ਆਰ ਪੀ ਕੇਂਦਰ ਸ਼ਾਮਿਲ ਹਨ। ਨਾਲ ਹੀ ਯੂਨੀਵਰਸਿਟੀ ਦੇ ਪੋਸਟ ਹਾਰਵੈਸਟ ਇੰਜਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਨੂੰ ਵੀ 2023-24 ਅਤੇ 2024-25 ਲਈ ਸਰਵੋਤਮ ਕੇਂਦਰ ਦਾ ਪੁਰਸਕਾਰ ਹਾਸਲ ਹੋਇਆ।ਭਾਰਤੀ ਪੋਸ਼ਣ ਸੁਸਾਇਟੀ ਦੇ ਲੁਧਿਆਣਾ ਚੈਪਟਰ ਨੂੰ ਸਰਵੋਤਮ ਕੇਂਦਰ 2024 ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਪ੍ਰਾਪਤੀਆਂ ਬੇਹੱਦ ਮਾਣ ਕਰਨ ਵਾਲੀਆਂ ਹਨ। ਇਸ ਵਰ੍ਹੇ ਕਈ ਵੱਡੀਆਂ ਹਸਤੀਆਂ ਨੇ ਪੀ.ਏ.ਯੂ. ਵਿਖੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ। ਇਹਨਾਂ ਵਿਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ, ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕੇ ਏ ਪੀ ਸਿਨਹਾ ਆਈ ਏ ਐੱਸ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ, ਸੈਰ-ਸਪਾਟਾ ਮੰਤਰੀ ਸ. ਤਰਨਪ੍ਰੀਤ ਸਿੰਘ ਸੌਂਧ ਤੋਂ ਇਲਾਵਾ ਲੋਕ ਸਭਾ ਦੇ ਮੈਂਬਰ ਸ. ਮਾਲਵਿੰਦਰ ਸਿੰਘ ਕੰਗ ਅਤੇ ਲੁਧਿਆਣਾ ਨਾਲ ਸੰਬੰਧਤ ਵੱਖ-ਵੱਖ ਵਿਧਾਇਕ ਦਾ ਨਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀ.ਏ.ਯੂ. ਵੱਲੋਂ ਲਾਏ ਜਾਂਦੇ ਮੇਲਿਆਂ ਵਿਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿਧਾਇਕ ਅਤੇ ਸਥਾਨਕ ਆਗੂ ਸ਼ਾਮਿਲ ਹੁੰਦੇ ਰਹੇ।ਇਸ ਵਰ੍ਹੇ ਪੀ.ਏ.ਯੂ. ਨੇ ਮਾਰਚ ਵਿਚ ਸਾਉਣੀ ਦੀਆਂ ਫ਼ਸਲਾਂ ਅਤੇ ਸਤੰਬਰ ਵਿਚ ਹਾੜੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਆਯੋਜਿਤ ਕੀਤੇ। ਇਹਨਾਂ ਮੇਲਿਆਂ ਦੌਰਾਨ ਪੰਜਾਬ ਭਰ ਦੇ ਖੇਤੀ ਮੌਸਮ ਜ਼ੋਨਾਂ ਦੇ ਕਿਸਾਨਾਂ ਨੂੰ ਉਹਨਾਂ ਦੇ ਇਲਾਕੇ ਮੁਤਾਬਿਕ ਫਸਲਾਂ ਦੀ ਕਾਸ਼ਤ ਲਈ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੇ ਸੁਝਾਅ ਦਿੱਤੇ ਗਏ।