
- ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀ ਮੰਗਾਂ ਨੂੰ ਅਣਗੌਲਿਆਂ ਕੀਤਾ-ਸਿੰਦਰ ਧੌਲਾ
ਬਰਨਾਲਾ 18 ਜਨਵਰੀ (ਭੁਪਿੰਦਰ ਸਿੰਘ ਧਨੇਰ) : ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਬਰਨਾਲਾ ਦੀ ਮੀਟਿੰਗ ਸਾਥੀ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਚਾਰ ਚਰਚਾ ਅਧੀਨ ਆਏ ਮਸਲਿਆਂ ਸਬੰਧੀ ਜਾਣਕਾਰੀ ਸਰਕਲ ਸਕੱਤਰ ਸ਼ਿੰਦਰ ਧੌਲਾ ਨੇ ਦਿੱਤੀ। ਮੀਟਿੰਗ ਵਿੱਚ ਆਗੂਆਂ ਰੂਪ ਚੰਦ ਤਪਾ, ਗੁਰਚਰਨ ਸਿੰਘ ਬਰਨਾਲਾ, ਜਰਨੈਲ ਸਿੰਘ ਮਲੇਰਕੋਟਲਾ ਅਤੇ ਅਮਨਦੀਪ ਸਿੰਘ ਅਮਨ ਧੂਰੀ ਨੇ ਪਿਛਲੇ ਸਮੇਂ ਦੌਰਾਨ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਚ ਪਾਵਰਕੌਮ ਪੈਨਸ਼ਨਰਾਂ ਵੱਲੋਂ ਪਾਏ ਭਰਪੂਰ ਯੋਗਦਾਨ ਦੀ ਜ਼ੋਰਦਾਰ ਸ਼ਲਾਘਾ ਕੀਤੀ। ਆਗੂਆਂ ਨੇ ਕਿਹਾ ਕਿ ਮਨੇਜਮੈਂਟ ਅਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ,ਉਦਾਰੀਊ, ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਬਿਜਲੀ ਬੋਰਡ ਸਮੇਤ ਸਾਰੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਅਡਾਨੀਆਂ-ਅੰਬਾਨੀਆਂ ਜਿਹੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਸੌਂਪਿਆ ਜਾ ਰਿਹਾ ਹੈ। ਬਿਜਲੀ ਬੋਰਡ ਅੰਦਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਪ੍ਰਤੀ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਦਾ 2016 ਤੋਂ ਸੱਤਵੇਂ ਤਨਖ਼ਾਹ ਕਮਿਸ਼ਨ ਦਾ 60 ਮਹੀਨਿਆਂ ਦਾ ਲੱਖਾਂ ਰੁਪਏ ਦਾ ਬਕਾਇਆ ਅਤੇ ਮਹਿੰਗਾਈ ਭੱਤਾ ਅਦਾ ਨਹੀਂ ਕੀਤਾ ਜਾ ਰਿਹਾ। ਕੇਂਦਰ ਸਰਕਾਰ ਵੱਲੋਂ ਵਧੀ ਹੋਈ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ। ਮੌਤ ਦੇ ਨਜ਼ਦੀਕ ਖ਼ਤਰਨਾਕ ਹਾਲਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਆਊਟਸੋਰਸ/ਠੇਕੇਦਾਰੀ ਸਿਸਟਮ ਰਾਹੀਂ ਨਿਗੂਣੀਆਂ ਤਨਖਾਹਾਂ ਰਾਹੀਂ ਅੰਨ੍ਹੀ ਉਜਰਤੀ ਲੁੱਟ ਕੀਤੀ ਜਾ ਰਹੀ ਹੈ। ਪੱਕੀ ਭਰਤੀ ਨਾਂ ਮਾਤਰ ਹੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ 25-25 ਸਾਲ ਤੋਂ ਸੀਐਚਬੀ/ਆਊਟਸੋਰਸ/ਕੰਟਰੈਕੂਐਚਲ ਕਾਮਿਆਂ ਨੂੰ ਮੁੱਖ ਮੰਤਰੀ ਦੇ ਹਰੇ ਪੈੱਨ ਦੀ ਉਡੀਕ ਹੈ। ਇਸ ਸਮੇਂ ਆਗੂਆਂ ਨਰਾਇਣ ਦੱਤ, ਬਹਾਦਰ ਸਿੰਘ, ਗੌਰੀ ਸ਼ੰਕਰ, ਜਗਦੀਸ਼ ਸਿੰਘ, ਬੂਟਾ ਸਿੰਘ,ਜਨਕ ਸਿੰਘ, ਸੁਖਵੰਤ ਸਿੰਘ ਆਦਿ ਆਗੂਆਂ ਨੇ ਪੈਨਸ਼ਨਰਜ਼ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਫਰਵਰੀ ਮਹੀਨੇ ਬਿਜਲੀ ਮੰਤਰੀ ਦੀ ਰਿਹਾਇਸ਼ ਵੱਲ ਕੀਤੇ ਜਾ ਰਹੇ ਮਾਰਚ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦਾ ਜ਼ੋਰਦਾਰ ਸੱਦਾ ਦਿੱਤਾ।