ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਬੀਤ ਚੁੱਕੇ ਹਨ, ਇਸ ਬਾਵਜੂਦ ਵੀ ਐਤਵਾਰ ਨੂੰ ਉਸਦੇ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੇ ਪਿਤਾ-ਮਾਤਾ ਨੂੰ ਮਿਲਦੇ ਹਨ, ਅੱਜ ਵੱਡੀ ਗਿਣਤੀ ’ਚ ਆਏ ਸਿੱਧੂ ਮੂਸੇਵਾਲਾ ਦੇ ਪ੍ਰੰਸ਼ਸਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਰਕਾਰ ਉਸਦੇ ਪੁੱਤਰ ਦੇ ਕਾਤਲ ਅਤੇ ਸਾਜ਼ਿਸਕਰਤਾ ਨੂੰ ਗ੍ਰਿਫਤਾਰ ਕਰਕੇ ਇਨਸਾਫ ਦੇਵੇਗੀ। ਉਨ੍ਹਾਂ ਆਪਣਾ ਗੁੱਸਾ ਜਾਹਰ ਕਰਦਿਆਂ ਕਿਹਾ ਕਿ ਅੱਜ ਗੈਂਗਸਟਰ ਸ਼ਰੇਆਮ ਫਿਰੌਤੀ ਲਈ ਕਤਲ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਹਰ ਲੜ੍ਹਾਈ ਲੜਨਗੇ ਅਤੇ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਵਿੱਚ ਪੁਲਿਸ ਘੱਟ ਤੇ ਗੈਂਗਸਟਰਾਂ ਦੀ ਗਿਣਤੀ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਗ੍ਰਿਫਤ ’ਚੋ ਦੋਸ਼ੀ ਦਾ ਫਰਾਰ ਹੋਣ ਜਾਣਾ ਅਤੇ ਸਰਕਾਰ ਦੀ ਚੁੱਪ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ, ਪਰ ਉਹ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਲੈਣ ਲਈ ਇਸੇ ਤਰ੍ਹਾਂ ਲੜਾਈ ਲੜਨਗੇ, ਕਿਸੇ ਕੀਮਤ ਤੇ ਚੁੱਪ ਨਹੀਂ ਬੈਠਣਗੇ।