
ਸ੍ਰੀ ਫਤਿਹਗੜ੍ਹ ਸਾਹਿਬ, 4 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ ) : ਮਾਤਾ ਗੁਜਰੀ ਕਾਲਜ ਦੇ ਜੌਗਰਫ਼ੀ ਵਿਭਾਗ ਦੇ ਵਿਦਿਆਰਥੀਆਂ ਨੂੰ ਭਾਰਤੀ ਮੌਸਮ ਵਿਭਾਗ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਥਿਤ ਮੌਸਮ ਨਿਰੀਖਣਸ਼ਾਲਾ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਇਸ ਵਿੱਦਿਅਕ ਦੌਰੇ ਦੌਰਾਨ ਵਿਦਿਆਰਥੀਆਂ ਨੇ ਮੌਸਮ ਅਤੇ ਜਲਵਾਯੂ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਿਤ ਵਿਗਿਆਨਕ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਤੂਫਾਨਾਂ ਬਾਰੇ ਅਗਾਊਂ ਜਾਣਕਾਰੀ ਦੇਣ ਵਾਲੇ ਯੰਤਰ ਐਕਸ-ਬੈਂਡ ਐਨਾਲਾਗ ਮਲਟੀਸੈੱਟ ਰਡਾਰ ਅਤੇ ਡੋਪਲਰ ਵੈਦਰ ਰਡਾਰ ਦੀ ਕਾਰਜਪ੍ਰਣਾਲੀ ਬਾਰੇ ਵੀ ਗਿਆਨ ਪ੍ਰਾਪਤ ਕੀਤਾ। ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਨੂੰ ਵਿੱਦਿਅਕ ਅਤੇ ਵਿਹਾਰਕ ਗਿਆਨ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਵੀ ਮੌਸਮ ਨਿਰੀਖਣਸ਼ਾਲਾ ਸਥਾਪਿਤ ਕੀਤੀ ਗਈ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਮੌਸਮ ਦੀਆਂ ਤਬਦੀਲੀਆਂ ਨੂੰ ਸਮਝਣ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ ਕਿਉਂਕਿ ਰੋਜ਼ਾਨਾ ਮੌਸਮ ਦੀ ਭਵਿੱਖਬਾਣੀ ਖੇਤਰੀ ਜਨਸੰਖਿਆ ਦੀ ਮਦਦ ਕਰਦੀ ਹੈ। ਜੌਗਰਫੀ ਵਿਭਾਗ ਦੇ ਮੁਖੀ ਪ੍ਰੋ. ਅਨੁਪ੍ਰੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਵਿਹਾਰਕ ਹੁਨਰ ਨੂੰ ਨਿਖਾਰਨ ਲਈ ਅਜਿਹੀਆਂ ਅਕਾਦਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਆਧੁਨਿਕ ਯੰਤਰਾਂ ਦੀ ਮਦਦ ਨਾਲ 500 ਕਿਲੋਮੀਟਰ ਦੇ ਦਾਇਰੇ ਵਿੱਚ ਵਾਯੂਮੰਡਲ ਦੀਆਂ ਸਥਿਤੀਆਂ ਦੀ ਮਿੰਟ ਤੋਂ ਮਿੰਟ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਮੌਕੇ ਮੌਸਮ ਵਿਭਾਗ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਵਾਯੂਮੰਡਲੀ ਦਬਾਅ, ਬੱਦਲ ਬਣਨ ਦੀ ਪ੍ਰਕਿਰਿਆ ਅਤੇ ਹਵਾ ਦੀ ਰਫਤਾਰ ਆਦਿ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ। ਮੌਸਮ ਮਾਹਿਰਾਂ ਨੇ ਦੱਸਿਆ ਕਿ ਦੇਸ਼ ਭਰ ਤੋਂ ਮੌਸਮ ਨਾਲ ਸਬੰਧਿਤ ਡਾਟਾ ਇੱਕਤਰ ਕਰਕੇ ਅਗਾਊਂ ਸੂਚਨਾ ਨਾਗਰਿਕਾਂ ਨੂੰ ਦਿੱਤੀ ਜਾਂਦੀ ਹੈ। ਜੌਗਰਫੀ ਵਿਭਾਗ ਦੇ ਪ੍ਰੋ. ਲਵਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਰੋਜ਼ਾਨਾ ਮੌਸਮ ਦੇ ਅੰਕੜੇ ਅਤੇ ਭਵਿੱਖਬਾਣੀ ਇਕੱਤਰ ਕਰਨ ਦੀ ਪ੍ਰਕਿਿਰਆ ਇਸ ਵਿੱਦਿਅਕ ਦੌਰੇ ਦੌਰਾਨ ਸਿੱਖੀ। ਇਸ ਮੌਕੇ ਜੌਗਰਫੀ ਵਿਭਾਗ ਦੇ ਪ੍ਰੋ. ਪ੍ਰਭਜੀਤ ਕੌਰ, ਲੈਬ ਸਹਾਇਕ ਗੁਰਮੁਖ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।