ਲੁਧਿਆਣਾ, 11 ਜੂਨ : ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਸੀ.ਐਸ.ਆਰ. ਪ੍ਰੋਜੈਕਟ ਨਾਰੀ ਸ਼ਕਤੀ ਤਹਿਤ ਮਹਿਲਾ ਹੁਨਰ ਵਿਕਾਸ ਕੇਂਦਰਾਂ ਦੇ ਸੰਚਾਲਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 8 ਲੱਖ ਰੁਪਏ ਦਾ ਚੈੱਕ ਸੌਂਪਿਆ। ਕੰਪਨੀ ਦੇ ਸੀਨੀਅਰ ਮੈਨੇਜਰ ਸੀ.ਐਸ.ਆਰ. ਅਮਿਤ ਧਵਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਚੈੱਕ ਭੇਟ ਕੀਤਾ। ਉਨ੍ਹਾਂ ਕਿਹਾ ਕਿ ਵਰਧਮਾਨ ਸਪੈਸ਼ਲ ਸਟੀਲਜ਼ ਹਰ ਸਾਲ ਪਛੜੇ ਵਰਗ ਦੀਆਂ ਔਰਤਾਂ ਨੂੰ ਸਿਲਾਈ ਦੇ ਹੁਨਰ ਸਿਖਾਉਣ ਵਿੱਚ ਮਦਦ ਕਰਨ ਲਈ ਜ਼ਿਲ੍ਹਾ ਹੁਨਰ ਵਿਕਾਸ ਕੇਂਦਰਾਂ ਦਾ ਸਮਰਥਨ ਕਰੇਗੀ, ਜਿਸ ਨਾਲ ਉਹ ਇੱਕ ਸਨਮਾਨਜਨਕ ਜੀਵਨ ਵਸਰ ਕਰਨ ਦੇ ਯੋਗ ਬਣ ਸਕਣ। ਹਰ ਸਾਲ ਲਗਭਗ 300 ਲੜਕੀਆਂ ਅਜਿਹੇ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ ਕਰਦੀਆਂ ਹਨ ਅਤੇ ਹੁਨਰ ਪ੍ਰਾਪਤ ਕਰਨ ਤੋਂ ਬਾਅਦ ਰੋਜ਼ੀ-ਰੋਟੀ ਕਮਾਉਣ ਜਾਂ ਆਪਣਾ ਛੋਟਾ ਜਿਹਾ ਸਿਲਾਈ ਕਾਰੋਬਾਰ ਸ਼ੁਰੂ ਕਰਦੀਆਂ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਰਧਮਾਨ ਸਪੈਸ਼ਲ ਸਟੀਲਜ਼ ਦੇ ਮੈਨੇਜਮੈਂਟ ਅਤੇ ਇਸ ਦੇ ਵਾਈਸ ਚੇਅਰਮੈਨ ਸਚਿਤ ਜੈਨ, ਸੌਮਿਆ ਜੈਨ ਅਤੇ ਆਰ.ਕੇ. ਰੇਵਾੜੀ ਦਾ ਉਨ੍ਹਾਂ ਦੇ ਪਰਉਪਕਾਰੀ ਯਤਨਾਂ ਲਈ ਧੰਨਵਾਦ ਵੀ ਕੀਤਾ।