
- ਸੰਸਦ ਮੈਂਬਰ ਵਲੋਂ 82 ਕਰੋੜ ਦੀ ਲਾਗਤ ਵਾਲੇ ਨਹਿਰੀ ਪ੍ਰੋਜੈਕਟ ਦਾ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਤੋਹਫ਼ਾ
- ਤਕਰੀਬਨ 50 ਹਜ਼ਾਰ ਏਕੜ ਰਕਬੇ ਨੂੰ ਪੁੱਜੇਗਾ 202 ਕਿਊਸਿਕ ਪਾਣੀ
- ਹੰਡਿਆਇਆ ਸਣੇ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦੇ ਵੱਡੀ ਗਿਣਤੀ ਪਿੰਡਾਂ ਨੂੰ ਮਿਲੇਗਾ ਫਾਇਦਾ
ਹੰਡਿਆਇਆ, 8 ਦਸੰਬਰ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਦੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਨਹਿਰੀ ਪਾਣੀ ਦੀ ਵਰਤੋਂ 40 ਫੀਸਦੀ ਵਧੀ ਹੈ। ਇਹ ਪ੍ਰਗਟਾਵਾ ਸੰਸਦ ਮੈਂਬਰ ਲੋਕ ਸਭਾ ਹਲਕਾ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਹੰਡਿਆਇਆ ਵਿਖੇ ਬਰਨਾਲਾ ਰਜਵਾਹਾ ਸਿਸਟਮ ਅਧੀਨ ਆਉਂਦੇ ਹੰਡਿਆਇਆ ਮਾਈਨਰ ਦੀ ਕੰਕਰੀਟ ਰੀਲਾਈਨਿੰਗ ਦੇ 82 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਦੇ ਉਦਘਾਟਨ ਮੌਕੇ ਕੀਤਾ ਜਿਸ ਨਾਲ ਨਹਿਰੀ ਪਾਣੀ ਦੀ ਸਮਰੱਥਾ ਵਧਣ ਨਾਲ ਜ਼ਿਲ੍ਹਾ ਬਰਨਾਲਾ ਅਤੇ ਜ਼ਿਲ੍ਹਾ ਸੰਗਰੂਰ ਦੇ ਵੱਡੀ ਗਿਣਤੀ ਪਿੰਡਾਂ ਨੂੰ ਲਾਭ ਮਿਲੇਗਾ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ 'ਤੇ ਜ਼ੋਰ ਨਾ ਦੇਣ ਕਾਰਨ ਪੰਜਾਬ ਵਿੱਚ ਪਾਣੀ ਦੀ ਵਰਤੋਂ ਘੱਟ ਹੁੰਦੀ ਸੀ ਤੇ ਜ਼ਿਆਦਾ ਪਾਣੀ ਹਰਿਆਣਾ, ਰਾਜਸਥਾਨ ਗੁਆਂਢੀ ਸੂਬਿਆਂ ਨੂੰ ਜਾਂਦਾ ਸੀ। ਓਹਨਾਂ ਕਿਹਾ ਕਿ ਜਿਹੜਾ ਨਹਿਰੀ ਪਾਣੀ ਪੰਜਾਬ 'ਚੋਂ ਲੰਘਦਾ ਹੈ ਇਸਦੀ ਦੀ ਪੂਰੀ ਸਮਰੱਥਾ 'ਤੇ ਵਰਤੋਂ ਕਰਨੀ ਸਾਰੇ ਹੱਥ ਹੈ, ਜੋ ਕਿ ਮੌਜੂਦਾ ਸਰਕਾਰ ਦੇ ਪ੍ਰੋਜੈਕਟਾਂ ਨਾਲ ਹੋ ਰਹੀ ਹੈ। ਉਨ੍ਹਾਂ ਅੱਜ ਪ੍ਰੋਜੈਕਟ ਦੇ ਉਦਘਾਟਨ ਮੌਕੇ ਕਿਹਾ ਕਿ ਇਸ 40 ਕਿਲੋਮੀਟਰ ਲੰਬੇ ਬਹੁ-ਕਰੋੜੀ ਪ੍ਰੋਜੈਕਟ ਅਧੀਨ 131 ਮੋਘਿਆਂ ਰਾਹੀਂ ਹੁਣ 20 ਫੀਸਦੀ ਵੱਧ ਨਹਿਰੀ ਪਾਣੀ ਖੇਤਾਂ ਤੱਕ ਪੁੱਜੇਗਾ, ਜਿਸ ਨਾਲ ਤਕਰੀਬਨ 50 ਹਜ਼ਾਰ ਏਕੜ ਰਕਬਾ ਕਵਰ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ 'ਚੋਂ 168 ਕਿਊਸਿਕ ਪਾਣੀ ਛੱਡਿਆ ਜਾਂਦਾ ਸੀ, ਜਦਕਿ ਹੁਣ 202 ਕਿਊਸਿਕ ਪਾਣੀ ਛੱਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਜ਼ਿਲ੍ਹਾ ਬਰਨਾਲਾ ਦੇ ਹੰਡਿਆਇਆ, ਫਰਵਾਹੀ, ਧਨੌਲਾ ਖੁਰਦ, ਸੇਖਾ, ਖੁੱਡੀ ਖੁਰਦ, ਸੰਘੇੜਾ, ਕਰਮਗੜ੍ਹ, ਨੰਗਲ ਆਦਿ ਅਤੇ ਜ਼ਿਲ੍ਹਾ ਸੰਗਰੂਰ ਦੇ ਕਈ ਪਿੰਡਾਂ ਦੇ 50 ਹਜ਼ਾਰ ਏਕੜ ਰਕਬੇ ਨੂੰ 20 ਫੀਸਦੀ ਵੱਧ ਨਹਿਰੀ ਪਾਣੀ ਪੁੱਜੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬਰਨਾਲਾ ਜ਼ਿਲ੍ਹੇ ਨੂੰ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਤੋਹਫ਼ੇ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਕਰੀਬ 300 ਕਰੋੜ ਰੁਪਏ ਦੇ ਨਹਿਰੀ ਕੰਮ ਕਰਾਏ ਜਾ ਚੁੱਕੇ ਹਨ ਤਾਂ ਜੋ ਹਰ ਪਿੰਡ, ਹਰ ਖੇਤ ਵਿੱਚ ਨਹਿਰੀ ਪਾਣੀ ਪੁੱਜਦਾ ਕੀਤਾ ਜਾ ਸਕੇ। ਉਨ੍ਹਾਂ ਇਸ ਵਾਸਤੇ ਜਿੱਥੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਓਥੇ ਬਰਨਾਲਾ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਓ ਐੱਸ ਡੀ ਹਸਨਪ੍ਰੀਤ ਭਾਰਦਵਾਜ, ਐਕਸੀਅਨ ਜਲ ਸਰੋਤ ਵਿਭਾਗ ਹਰਸ਼ਾਂਤ ਵਰਮਾ ਤੇ ਹੋਰ ਪਤਵੰਤੇ ਹਾਜ਼ਰ ਸਨ।