ਫਰੀਦਕੋਟ 26 ਸਤੰਬਰ 2024 : ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਿਲ੍ਹੇ ਵਿੱਚ ਚੱਲ ਰਹੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਉਪਰੰਤ ਸ਼ਹਿਰ ਦੀ ਸਫਾਈ ਕਰਨ ਲਈ ਨਗਰ ਕੌਂਸਲ ਵੱਲੋਂ ਸਪੈਸ਼ਲ ਕਲੀਨ ਡਰਾਈਵ ਚਲਾ ਕੇ ਸਫਾਈ ਕੀਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ 14 ਸਤੰਬਰ 2024 ਤੋਂ 2 ਅਕਤੂਬਰ 2024 ਤੱਕ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਫਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ । ਜਿਸ ਤਹਿਤ ਜਿਲ੍ਹੇ ਵਿੱਚ ਸ਼ਹਿਰ ਵਿੱਚ ਸਫਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੀ ਅਪੀਲ ਵੀ ਕੀਤੀ। ਨਗਰ ਕੌਂਸਲ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਕਲੀਨ ਡਰਾਈਵ ਤਹਿਤ ਬਾਬਾ ਫਰੀਦ ਮੇਲੇ ਉਪਰੰਤ ਕਿਲ੍ਹਾ ਮੁਬਾਰਕ ਤੋਂ ਲੈ ਕੇ ਵੱਖ ਵੱਖ ਚੌਂਕਾਂ ਰਾਹੀਂ ਮਾਈ ਗੋਦੜੀ ਸਾਹਿਬ ਤੱਕ ਸਫਾਈ ਉਪਰੰਤ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਇੱਕਠਾ ਕਰਕੇ ਰਿਕਸ਼ੇ ਅਤੇ ਗੱਡੀਆਂ ਵਿੱਚ ਪਾਇਆ ਗਿਆ। ਇਸ ਦੇ ਨਾਲ ਹੀ ਨਗਰ ਕੌਂਸਲ ਦੀ ਐਸ.ਬੀ.ਐਮ ਟੀਮ ਵੱਲੋਂ ਮੌਕੇ ਤੇ ਮੌਜੂਦ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਨ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕਲੀਨ ਡਰਾਈਵ ਵਿੱਚ ਸਫਾਈ ਕਰਮਚਾਰੀਆਂ ਤੋਂ ਇਲਾਵਾ ਵੱਖ ਵੱਖ ਐਨ.ਜੀ.ਓ ਅਤੇ ਸ਼ਹਿਰ ਵਾਸੀਆਂ ਨੇ ਆਪਣਾ ਯੋਗਦਾਨ ਪਾਇਆ। ਇਸ ਮੌਕੇ ਕਾਰਜ ਸਾਧਕ ਅਫਸਰ ਮਨਿੰਦਰਪਾਲ ਸਿੰਘ,ਸੁਪਰਡੈਂਟ ਗੁਰਇੰਦਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਰੁਸਤਮ ਸੋਢੀ ਹਾਜ਼ਰ ਸਨ।