- ਅਜੌਕੇ ਸਮੇਂ ਅੰਦਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾਂ ਅਤਿ ਜਰੂਰੀ: ਪਰਨੀਤ ਸ਼ੇਰਗਿੱਲ
- ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਲਈ ਕੀਤਾ ਪ੍ਰੇਰਿਤ
ਫ਼ਤਹਿਗੜ੍ਹ ਸਾਹਿਬ, 16 ਜਨਵਰੀ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 67ਵੀਂਆਂ ਸਕੂਲ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੀ ਟੀਮ, ਜਿਸ ਨੇ ਕਿ ਪੂਰੇ ਦੇਸ਼ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ, ਦੇ ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਸਕੂਲ ਅੱਤੇਵਾਲੀ ਦੇ ਖਿਡਾਰੀ ਬਲਰਾਜ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਵਰਨਣਯੋਗ ਹੈ ਕਿ ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆ ਵੱਲੋਂ ਪੋਰਟ ਬਲੇਅਰ (ਅੰਡੇਮਾਨ ਨਿਕੋਬਾਰ) ਵਿਖੇ ਕਰਵਾਈਆਂ ਗਈਆਂ ਵਿੱਚ ਲੜਕਿਆਂ ਦੀ 17 ਸਾਲ ਉਮਰ ਵਰਗ ਦੀ ਫੁੱਟਬਾਲ ਟੀਮ ਨੇ ਦੇਸ਼ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਖਿਡਾਰੀ ਬਲਰਾਜ ਸਿੰਘ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਪੰਜਾਬ ਸਕੂਲ ਖੇਡਾਂ ਅਧੀਨ ਲੜਕਿਆਂ ਦੇ 17 ਸਾਲ ਉਮਰ ਵਰਗ ਵਿੱਚ ਐਥਲੈਟਿਕਸ ਦੇ ਮੁਕਾਬਲੇ ਵਿੱਚ 4×400 ਮੀਟਰ ਰਿਲੇਅ ਦੌੜ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਸਨੀ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਉਤਸਾਹਤ ਕਰਦਿਆਂ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਸਖਤ ਮਿਹਨਤ ਤੇ ਲਗਨ ਨਾਲ ਕੋਈ ਵੀ ਵੱਡੇ ਤੋਂ ਵੱਡਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਖਿਡਾਰੀਆਂ ਨੇ ਇਹ ਮੱਲ੍ਹਾਂ ਮਾਰ ਕੇ ਆਪਣੇ ਸਕੂਲ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਜੋ ਕਿ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਵੱਲੋਂ ਪ੍ਰਾਪਤ ਕੀਤੇ ਗਏ ਟੀਚੇ ਤੋਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੀਤੇ ਗਏ ਇਤਿਹਾਸਕ ਫੈਸਲਿਆਂ ਸਦਕਾ ਪੰਜਾਬ ਦੇ ਖਿਡਾਰੀ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕਰ ਰਹੇ ਹਨ ਜੋ ਕਿ ਆਉਣ ਵਾਲੇ ਉਜਵਲ ਭਵਿੱਖ ਨੂੰ ਦਰਸਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜੌਕੇ ਸਮੇਂ ਅੰਦਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾਂ ਬਹੁਤ ਜਰੂਰੀ ਹੈ ਕਿਉਂਕਿ ਖੇਡਾਂ ਨਾਲ ਜੁੜ ਕੇ ਹੀ ਸਾਡੇ ਨੌਜਵਾਨ ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲੈ ਕੇ ਸਖਤ ਮਿਹਨਤ ਕਰਨ ਤਾਂ ਜੋ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਸਿੰਗਲ, ਜਿਲ੍ਹਾ ਸਪੋਰਟਸ ਕੋਆਰਡੀਨੇਟਰ ਸ ਜਸਵੀਰ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰੀ ਸਤਨਾਮ ਭਾਰਦਵਾਜ, ਪ੍ਰਿੰਸੀਪਲ ਸ੍ਰੀਮਤੀ ਗੁਰਮੀਤ ਕੌਰ, ਸ੍ਰੀ ਰਾਜ ਕੁਮਾਰ ਕਲਰਕ ਰੈਡ ਕਰਾਸ ਸੁਸਾਇਟੀ ਅਤੇ ਸਤਵੀਰ ਸਿੰਘ ਡੀਪੀਈ ਹਾਜਰ ਸਨ।