ਧਰਮਕੋਟ, 21 ਮਾਰਚ : ਜ਼ਹਿਰੀਲੀ ਸ਼ਰਾਬ ਦਾ ਦੁਖਾਂਤ ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿਚਲੇ ਹਾਲਾਤ ਬਿਆਨ ਕਰਦਾ ਹੈ, ਜਿਸ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਦੌਰਾਨ ਕੀਤਾ, ਉਹਨਾਂ ਨੂੰ ਪੇਂਡੂ ਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਉਤਸ਼ਾਹਜਨਕ ਹੁੰਗਾਰਾ ਮਿਲਿਆ ਤੇ ਲੋਕਾਂ ਵਿਚ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਵਾਸਤੇ ਇਕ ਦੂਜੇ ਤੋਂ ਅੱਗੇ ਲੰਘ ਕੇ ਮਿਲਣ ਲਈ ਉਤਸ਼ਾਹ ਸੀ। ਕਿਸਾਨਾਂ ਨੇ ਦੋਵਾਂ ਹਲਕਿਆਂ ਵਿਚ ਸੈਂਕੜੇ ਟਰੈਕਟਰ ਲੈ ਕੇ ਯਾਤਰਾ ਵਿਚ ਸ਼ਮੂਲੀਅਤ ਕੀਤੀ ਅਤੇ ਦੁਕਾਨਦਾਰਾਂ ਨੇ ਸ਼ਹਿਰੀ ਖੇਤਰ ਵਿਚ ਆਪੋ ਆਪਣੀਆਂ ਦੁਕਾਨਾਂ ਤੋਂ ਬਾਹਰ ਆ ਕੇ ਅਕਾਲੀ ਦਲ ਦੇ ਪ੍ਰਧਾਨ ’ਤੇ ਫੁੱਲਾਂ ਦੀ ਵਰਖਾ ਕੀਤੀ। ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਮੋਗਾ ਵਿਚ ਸੰਜੀਤ ਸਿੰਘ ਗਿੱਲ ਤੇ ਧਰਮਕੋਟ ਵਿਚ ਬਰਜਿੰਦਰ ਸਿੰਘ ਬਰਾੜ ਹਾਜ਼ਰ ਸਨ। ਸੰਗਰੂਰ ਜ਼ਹਿਰੀਲੀ ਸ਼ਰਾਬ ਦੁਖਾਂਤ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਸਰਕਾਰ ਠੱਪ ਹੋ ਜਾਂਦੀ ਹੈ ਤੇ ਤੁਸੀਂ ਆਪਣੇ ਵਿਧਾਇਕਾਂ ਨੂੰ ਨਜਾਇਜ਼ ਸ਼ਰਾਬ ਤੇ ਨਸ਼ਾ ਕਾਰੋਬਾਰੀਆਂ ਨਾਲ ਰਲਣ ਵਾਸਤੇ ਆਖਦੇ ਹੋ ਤਾਂ ਇਹੋ ਕੁਝ ਹੁੰਦਾ ਹੈ। ਉਹਨਾਂ ਕਿਹਾ ਕਿ ਮੈਂ ਵਾਰ-ਵਾਰ ਆਖਦਾ ਰਿਹਾ ਹਾਂ ਕਿ ਆਪ ਦੇ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਅਤੇ ਉਹਨਾਂ ਤੋਂ ਮਹੀਨੇ ਲੈ ਰਹੇ ਹਨ। ਉਹਨਾਂ ਕਿਹਾ ਕਿ ਤਾਜ਼ਾ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਨਸ਼ੇ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹੋ ਗਈਆਂ ਹਨ। ਤ੍ਰਾਸਦੀ ਦੀ ਐਸ ਡੀ ਐਮ ਦੇ ਪੱਧਰ ’ਤੇ ਜਾਂਚ ਦੇ ਦਿੱਤੇ ਹੁਕਮਾਂ ਨੂੰ ਰੱਦ ਕਰਦਿਆਂ ਬਾਦਲ ਨੇ ਕਿਹਾ ਕਿ ਅਜਿਹਾ ਜੂਨੀਅਰ ਅਫਸਰ ਨਾ ਤਾਂ ਇਸ ਗੈਰ ਕਾਨੂੰਨੀ ਵਪਾਰ ਪਿੱਛੇ ਅਸਲ ਦੋਸ਼ੀਆਂ ਦੀ ਸ਼ਨਾਖ਼ਤ ਕਰ ਸਕਦਾ ਹੈ ਤੇ ਨਾ ਹੀ ਇਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਸਿਆਸਤਦਾਨਾਂ ਨੂੰ ਦੋਸ਼ੀ ਠਹਿਰਾ ਸਕਦਾ ਹੈ। ਉਹਨਾਂ ਕਿਹਾ ਕਿ ਸਾਰੇ ਮਾਮਲੇ ਦੀ ਨਿਆਂਇਕ ਹਿਰਾਸਤ ਦੇ ਹੁਕਮ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜਨਤਕ ਤੌਰ ’ਤੇ ਇਹ ਆਖਦੇ ਰਹੇ ਹਨ ਕਿ ਅਜਿਹੇ ਮਾਮਲਿਆਂ ਵਿਚ ਤ੍ਰਾਸਦੀ ਲਈ ਜ਼ਿੰਮੇਵਾਰ ਅਨਸਰਾਂ ਤੇ ਇਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਖਿਲਾਫ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਤਾਂ ਅਸੀਂ ਵੀ ਇਸ ਗੱਲ ਦੇ ਹਮਾਇਤੀ ਹਾਂ ਕਿ ਦੋਸ਼ੀਆਂ ਖਿਲਾਫ ਕਤਲ ਕੇਸ ਦਰਜ ਹੋਣਾ ਚਾਹੀਦਾ ਹੈ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੂੰ ਆਮ ਆਦਮੀ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੀ ਸੇਵਾ ਵਿਚ ਰੁੱਝੇ ਹਨ ਤੇ ਉਹ ਦੇਸ਼ ਦੇ ਹੋਰ ਰਾਜਾਂ ਵਿਚ ਆਪ ਦੇ ਪਸਾਰ ਵਾਸਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਵੀ ਕਰ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਨੇ ਇਕ ਵਾਰ ਨਹੀਂ ਬਲਕਿ ਤਿੰਨ ਵਾਰ ਕਿਸਾਨਾਂ ਨੂੰ ਫੇਲ੍ਹ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਹੜ੍ਹਾਂ, ਗੜ੍ਹੇਮਾਰੀ ਤੇ ਮਾੜੀਆਂ ਦਵਾਈਆਂ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋਈ ਤਾਂ ਵੀ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਵੀ ਮੁੱਖ ਮੰਤਰੀ ਆਪਣੀ ਕਾਰ ਵਿਚ ਗੀਤ ਗਾਉਣ ਵਿਚ ਰੁੱਝੇ ਹਨ ਜਦੋਂ ਕਿ ਲੋਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਆਪਣੇ ਘਰਾਂ ਵਿਚ ਮਰ ਰਹੇ ਹਨ। ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੂਬੇ ਵਿਚੋਂ ਆਪ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਦੇ ਲੁਟੇਰਿਆਂ ਤੋਂ ਬਚਾਉਣ ਦੀ ਬਹੁਤ ਜ਼ਰੂਰਤ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਰਿਕਾਰਡ ਹੈ ਕਿ ਤੇਜ਼ ਰਫਤਾਰ ਵਿਕਾਸ ਦੇ ਨਾਲ-ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਕਰਨ ਦੇ ਨਾਲ-ਨਾਲ ਗਰੀਬ ਤੇ ਲੋੜਵੰਦਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਲਈ ਵੀ ਇਹ ਵੱਚਨਬੱਧ ਹੈ। ਉਹਨਾਂ ਕਿਹਾ ਕਿ ਪ੍ਰਗਤੀ ਦੇ ਰਾਹ ’ਤੇ ਅਸੀਂ ਹਰੇਕ ਨੂੰ ਨਾਲ ਲੈ ਕੇ ਚੱਲਦੇ ਹਾਂ ਅਤੇ ਅਸੀਂ ਵਿਸ਼ਵ ਪੱਧਰੀ ਸੜਕ ਨੈਟਵਰਕ, ਥਰਮਲ ਪਲਾਂਟ ਤੇ ਹਵਾਈ ਅੱਡੇ ਸਥਾਪਿਤ ਕੀਤੇ। ਅਸੀਂ ਲੋਕਾਂ ਵੱਲੋਂ ਫਿਰ ਤੋਂ ਚੁਣੇ ਜਾਣ ਮਗਰੋਂ ਸੂਬੇ ਨੂੰ ਮੁੜ ਵਿਕਾਸ ਦੇ ਰਾਹ ’ਤੇ ਪਾਉਣ ਲਈ ਵਚਨਬੱਧ ਹਾਂ।