ਫਰੀਦਕੋਟ, 16 ਮਾਰਚ : ਫਰੀਦਕੋਟ ਸੀਆਈਏ ਸਟਾਫ਼ ਵੱਲੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਸੀਆਈਏ ਸਟਾਫ਼ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਸੀਆਈਏ ਸਟਾਫ਼ ਗੁਪਤ ਸੂਚਨਾ ਦੇ ਆਧਾਰ 'ਤੇ ਔਲਖ ਨੂੰ ਜਾਂਦੇ ਰਸਤੇ 'ਚ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਪਹੁੰਚਿਆ ਸੀ। ਇਸ ਦੌਰਾਨ 4 ਬਦਮਾਸ਼ ਮੋਟਰ ‘ਤੇ ਖੜ੍ਹੇ ਸਨ। ਉਨ੍ਹਾਂ ਵਿਚੋਂ ਸੰਜੀਵ ਨਾਂ ਦੇ ਨੌਜਵਾਨ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਬਾਅਦ ਸੀਆਈਏ ਸਟਾਫ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿਚ 3 ਗੈਂਗਸਟਰ ਜ਼ਖਮੀ ਹੋ ਗਏ ਜਦੋਂ ਕਿ ਇਕ ਫਰਾਰ ਹੋ ਗਿਆ। ਜ਼ਖਮੀਆਂ ਨੂੰ ਪੁਲਿਸ ਨੇ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ। ਗੋਲੀਬਾਰੀ ਦੀ ਘਟਨਾ ਵਿਚ ਪੁਲਿਸ ਦੀਆਂ ਗੱਡੀਆਂ ‘ਚ ਵੀ ਕਈ ਰਾਊਂਡ ਗੋਲੀਆਂ ਲੱਗੀਆਂ ਹਨ। ਹਾਲਾਂਕਿ ਪੁਲਿਸ ਵੱਲੋਂ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਫਰੀਦਕੋਟ ਦੇ ਐੱਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੈਡੀਕਲ ਕਾਲਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਦੇ ਬਿਆਨ ਦਰਜ ਕੀਤੇ ਜਾਣਗੇ ਕਿ ਉਹ ਕਿਸ ਮਕਸਦ ਨਾਲ ਘਟਨਾ ਵਾਲੀ ਥਾਂ ‘ਤੇ ਮੌਜੂਦ ਸਨ ਤੇ ਉਨ੍ਹਾਂ ਨੇ ਫਾਇਰਿੰਗ ਕਿਉਂ ਕੀਤੀ।