
ਬਰਨਾਲਾ, 14 ਜਨਵਰੀ (ਭੁਪਿੰਦਰ ਸਿੰਘ ਧਨੇਰ) : ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਵੱਲੋਂ ਕਰਵਾਇਆ ਗਿਆ। ਤਰਕਸ਼ੀਲ ਭਵਨ ਬਰਨਾਲਾ 'ਚ ਹੋਏ ਇਸ ਨਿਵੇਕਲੇ ਸਮਾਗਮ ਵਿੱਚ ਲੋਕ ਹੱਕਾਂ ਦੀ ਲਹਿਰ ਦੇ ਸਰਗਰਮ ਕਾਰਕੁੰਨਾਂ ਤੇ ਲੋਕ ਪੱਖੀ ਸਾਹਿਤਕਾਰਾਂ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਜਿੱਥੇ ਸੁਰਜੀਤ ਪਾਤਰ ਦੀ ਸਾਹਿਤਕ ਰਚਨਾ ਦੇ ਮਹੱਤਵ ਬਾਰੇ ਗੰਭੀਰ ਵਿਚਾਰਾਂ ਹੋਈਆਂ ਉਥੇ ਲੋਕਾਂ ਨੇ ਪਾਤਰ ਦੀਆਂ ਗੀਤਾਂ ਤੇ ਗਜ਼ਲਾਂ ਨੂੰ ਵੀ ਖ਼ੂਬ ਮਾਣਿਆ। ਸਮਾਗਮ ਦਾ ਆਗਾਜ਼ ਲੋਕ ਸੰਗੀਤ ਮੰਡਲੀ ਭਦੌੜ ਦੇ ਸੰਗੀਤ ਨਿਰਦੇਸ਼ਕ ਮਾਸਟਰ ਰਾਮ ਕੁਮਾਰ ਦੀ ਮਨਮੋਹਕ ਆਵਾਜ਼ ਵਿਚ ਸੁਰਜੀਤ ਪਾਤਰ ਦੀਆਂ ਗਾਈਆਂ ਗ਼ਜ਼ਲਾਂ ਨਾਲ਼ ਹੋਇਆ। ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਡਾ. ਪਰਮਿੰਦਰ ਸਿੰਘ, ਡਾ. ਸੁਰਜੀਤ ਸਿੰਘ ਤੇ ਸ੍ਰੀਮਤੀ ਭੁਪਿੰਦਰ ਕੌਰ ਪਾਤਰ ਦੀ ਪ੍ਰਧਾਨਗੀ ਹੇਠ ਭਰਵੀਂ ਵਿਚਾਰ ਚਰਚਾ ਹੋਈ। ਅਮੋਲਕ ਸਿੰਘ ਦੀ ਮੰਚ ਸੰਚਾਲਨਾ 'ਚ ਹੋਏ ਇਸ ਸਮਾਗਮ ਚ ਉੱਘੇ ਪੰਜਾਬੀ ਨਾਟਕਕਾਰ ਡਾ. ਸਵਰਾਜਬੀਰ ਨੇ ਸੁਰਜੀਤ ਪਾਤਰ ਦੀ ਕਵਿਤਾ ਦੇ ਹਵਾਲੇ ਨਾਲ ਮਰਹੂਮ ਕਵੀ ਦੀਆਂ ਸੋਚਾਂ, ਸਰੋਕਾਰਾਂ ਤੇ ਫਿਕਰਾਂ ਦੀ ਨਿਸ਼ਾਨਦੇਹੀ ਕੀਤੀ ਤੇ ਉਹਨਾਂ ਨੇ ਸੁਰਜੀਤ ਪਾਤਰ ਨੂੰ 'ਸੁਰ ਪੰਜਾਬ' ਕਰਾਰ ਦਿੱਤਾ ਜਿਸ ਨੇ ਪੰਜਾਬ ਦੇ ਵੱਖ-ਵੱਖ ਦੌਰਾਂ ਚ ਲੋਕਾਂ ਦੇ ਦੁੱਖਾਂ ਦਰਦਾਂ ਰੀਝਾਂ ਤੇ ਉਮੰਗਾਂ ਦੀ ਤਰਜਮਾਨੀ ਕਰਦੀ ਕਵਿਤਾ ਲਿਖੀ। ਉਹਨਾਂ ਪਾਤਰ ਦੀ ਰਚਨਾ ਦੇ ਮਹੱਤਵ ਦੀ ਹੋਰ ਜਿਆਦਾ ਥੁਹ ਪਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਡਾ. ਕੁਲਦੀਪ ਸਿੰਘ ਦੀਪ ਨੇ ਸੁਰਜੀਤ ਪਾਤਰ ਵੱਲੋਂ ਰੂਪਾਂਤਰਿਤ ਕੀਤੇ ਨਾਟਕਾਂ ਦੇ ਹਵਾਲੇ ਨਾਲ ਸੁਰਜੀਤ ਪਾਤਰ ਦੇ ਸਾਹਿਤਕ ਦ੍ਰਿਸ਼ਟੀਕੋਣ ਨੂੰ ਸਾਡੇ ਅਜੋਕੇ ਯਥਾਰਥ ਨਾਲ਼ ਮੇਲ਼ ਕੇ ਪੇਸ਼ ਕੀਤਾ। ਉਹਨਾਂ ਕਿਹਾ ਕਿ ਸੁਰਜੀਤ ਪਾਤਰ ਵੱਲੋਂ ਵਿਸ਼ਵ ਦੇ ਚੋਟੀ ਦੇ ਨਾਟਕਾਂ ਦਾ ਪੰਜਾਬੀ ਵਿੱਚ ਅਨੁਵਾਦ ਬਹੁਤ ਕਲਾਮਈ ਢੰਗ ਨਾਲ ਕੀਤਾ ਗਿਆ ਹੈ ਤੇ ਇਹ ਪਾਤਰ ਦੀ ਕਲਮ ਦੀ ਤਾਕਤ ਹੈ ਕਿ ਉਨ੍ਹਾਂ ਨਾਟਕਾਂ ਨੂੰ ਲੋਕ-ਧਰਾਈ ਛੋਹਾਂ ਹਾਸਲ ਹੋਈਆਂ ਹਨ। ਸਮੇਂ ਦੀ ਘਾਟ ਕਾਰਨ ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ ਸੁਰਜੀਤ ਪਾਤਰ ਬਾਰੇ ਲਿਖੀ ਆਪਣੀ ਕਵਿਤਾ ਰਾਹੀਂ ਸੰਬੋਧਿਤ ਹੋਏ। ਸੁਰਜੀਤ ਪਾਤਰ ਬਾਰੇ ਸਲਾਮ ਕਾਫ਼ਲਾ ਦਾ ਮੈਗਜ਼ੀਨ "ਸਲਾਮ" ਕਾਫ਼ਲਾ ਟੀਮ ਮੈਂਬਰ ਕੁਲਦੀਪ ਕੌਰ ਕੁੱਸਾ ਤੇ ਹਰਿੰਦਰ ਕੌਰ ਬਿੰਦੂ ਵੱਲੋਂ ਪੰਜਾਬੀ ਕਹਾਣੀਕਾਰ ਜਸਪਾਲ ਮਾਨਖੇੜਾ ਨੂੰ ਭੇਂਟ ਕੀਤਾ ਗਿਆ ਅਤੇ ਉਹਨਾਂ ਵੱਲੋਂ ਲੋਕ ਅਰਪਣ ਕੀਤਾ ਗਿਆ। ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਦੀ ਪੁਸਤਕ "ਰੰਗ ਪ੍ਰਸੰਗ: ਸੁਰਜੀਤ ਪਾਤਰ ਪਾਤਰ ਦੇ" ਸਵਰਾਜਵੀਰ ਵੱਲੋਂ ਸੁਰਜੀਤ ਪਾਤਰ ਦੀ ਪਤਨੀ ਭੁਪਿੰਦਰ ਕੌਰ ਪਾਤਰ ਨੂੰ ਭੇਂਟ ਕੀਤੀ ਅਤੇ ਉਹਨਾਂ ਵੱਲੋਂ ਲੋਕ ਅਰਪਣ ਕੀਤੀ ਗਈ। ਜ਼ਿਕਰਯੋਗ ਹੈ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੁਰਜੀਤ ਪਾਤਰ ਦੇ ਕਾਵਿ ਰੰਗ ਨੂੰ ਸਮਰਪਿਤ ਨਵੇਂ ਵਰ੍ਹੇ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਸੁਰਜੀਤ ਪਾਤਰ ਦੇ ਭਰਾ ਉਪਕਾਰ ਸਿੰਘ ਅਤੇ ਬੇਟੇ ਮਨਰਾਜ ਪਾਤਰ ਨੇ ਸੁਰਜੀਤ ਪਾਤਰ ਦੇ ਗੀਤਾਂ ਤੇ ਗਜ਼ਲਾਂ ਨਾਲ ਬੰਨ੍ਹਿਆ ਸਮਾਂ। ਇਸ ਦੌਰਾਨ ਹੀ ਸ਼੍ਰੀਮਤੀ ਭੁਪਿੰਦਰ ਕੌਰ ਪਾਤਰ ਵੱਲੋਂ ਵੀ ਉਹਨਾਂ ਦੀ ਇੱਕ ਨਜ਼ਮ ਸੁਣਾਈ ਗਈ। ਇਸ ਇਕੱਤਰਤਾ ਵਿੱਚ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ, ਕਾਰਕੁਨਾਂ, ਤਰਕਸ਼ੀਲ ਲਹਿਰ ਦੇ ਕਾਮਿਆਂ ਤੇ ਹੋਰਨਾਂ ਲੋਕ ਪੱਖੀ, ਜਮਹੂਰੀ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲੰਗਰ ਦਾ ਇੰਤਜ਼ਾਮ ਕੀਤਾ ਹੋਇਆ ਸੀ।