ਬਰਨਾਲਾ, 10 ਅਗਸਤ 2024 : ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਸਬੰਧੀ ਅੱਜ ਬਰਨਾਲਾ ਵਿਖੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀੌਂਡਸਾ ਨੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਤਾ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ 42 ਉਮੀਦਵਾਰਾਂ ਨੂੰ ਸਿਰਸਾ ਡੇਰੇ ਭੇਜ ਕੇ ਸੰਤਾਂ ਤੋਂ ਅਸ਼ੀਰਵਾਦ ਲੈ ਕੇ ਚੋਣ ਜਿੱਤਣ ਦਾ ਹਵਾਲਾ ਦਿੱਤਾ ਸੀ। ਸ. ਢੀਂਡਸਾ ਨੇ ਕਿਹਾ ਕਿ ਉਹ ਖੁਦ ਹੀ ਨਹੀਂ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ ਵੀ ਸਿਰਸਾ ਡੇਰੇ ਹਾਜ਼ਰੀ ਭਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਗਲਤੀ ਲਈ ਮੁਆਫੀ ਮੰਗ ਚੁੱਕੇ ਹਨ ਅਤੇ ਪਸ਼ਚਾਤਾਪ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਗਲਤੀ ਮੰਨਣ, ਸਜਾ ਭੁਗਣ ਅਤੇ ਪਸ਼ਚਾਤਾਪ ਦੀ ਵਾਰੀ ਸੁਖਬੀਰ ਸਿੰਘ ਬਾਦਲ ਦੀੌ ਹੈ, ਜਿਸ ਤੇ 30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਇਤਿਹਾਸਿਕ ਫੈਸਲਾ ਸੁਣਾਉਣਗੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਲੋਕ ਸੁਧਾਰ ਲਹਿਰ ਤਹਿਤ ਅਕਾਲੀ ਦਲ ਨੂੰ ਇੱਕਠਾ ਕਰਕੇ ਬਾਦਲ ਮੁਕਤ ਕਰਵਾਉਣਾ ਹੈ। ਸ. ਢੀਂਡਸਾ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 39ਵੀਂ ਬਰਸੀ ਮੌਕੇ ਅਕਾਲੀ ਦਲ ਦਾ ਹੋਇਆ ਇਕੱਠ ਵੀ ਇਹ ਸਿੱਧ ਕਰ ਦੇਵੇਗਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਰਿਮੋਟ ਬਾਦਲਾਂ ਦੇ ਹੱਥ 'ਚੋਂ ਖੋਹ ਕੇ ਸਰਬਸੰਮਤੀ ਨਾਲ ਪੰਥਕ ਧਿਰਾਂ ਦੇ ਸਹਿਯੋਗ ਨਾਲ ਮੁੜ੍ਹ ਤੋਂ ਸੁਰਜੀਤ ਹੋਏ ਅਕਾਲੀ ਦਲ ਦੇ ਹੱਥ 'ਚ ਦੇਣਗੇ। ਉਨ੍ਹਾਂ ਪੰਥਕ ਧਿਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁਖਬੀਰ ਬਾਦਲ ਵਲੋਂ ਕੀਤੀਆਂ ਅਕਾਲੀ ਦਲ ਦੀਆਂ ਗਲਤੀਆਂ ਤੇ ਊਣਤਾਈਆਂ ਨੂੰ ਅੱਖੋਂ ਪਰੋਖੇ ਨਾ ਕਰਦਿਆਂ ਜੱਗ ਜ਼ਾਹਰ ਕਰਨ। ਉਨ੍ਹਾਂ ਸੁਖਬੀਰ ਬਾਦਲ 'ਤੇ ਵਾਰ-ਵਾਰ ਵਰ੍ਹਦਿਆਂ ਕਿਹਾ ਕਿ ਸੁਖਬੀਰ ਦੇ ਪੰਥ ਤੇ ਪਾਰਟੀ ਪ੍ਰਤੀ ਲਏ ਗਲਤ ਫ਼ੈਸਲਿਆਂ ਤੋਂ ਸਮੁੱਚੇ ਅਕਾਲੀ ਦਲ ਦੇ ਲੀਡਰ ਖਫ਼ਾ ਤੇ ਨਾਰਾਜ਼ ਹੀ ਨਹੀਂ, ਸਗੋਂ ਪਾਰਟੀ ਪ੍ਰਧਾਨ ਬਦਲਣ ਲਈ ਵੀ ਬੀੜਾ ਚੁੱਕ ਰਹੇ ਹਨ।