ਮੰਡੀ ਅਹਿਮਦਗੜ੍ਹ, 23 ਅਗਸਤ 2024 : ਪਿੰਡ ਘੁੰਗਰਾਣਾ ਦੇ ਇੱਕ ਛੋਟੇ ਕਿਸਾਨੀ ਪਰਿਵਾਰ ਨਾਲ ਸਬੰਧਤ ਤਿੰਨ ਮੈਂਬਰਾਂ ਨੇ ਖ਼ੁਦਕੁਸ਼ੀ ਕਰ ਲਈ। ਇਸ ਪਰਿਵਾਰ ਦੇ ਪਤੀ, ਪਤਨੀ ਤੇ ਉਨ੍ਹਾਂ ਦੇ ਨੌਂ ਸਾਲਾ ਪੁੱਤਰ ਨੇ ਬੀਤੀ ਰਾਤ ਅਹਿਮਦਗੜ੍ਹ-ਲੁਧਿਆਣਾ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾਂ ਵਿੱਚ ਪਰਿਵਾਰ ਦਾ ਮੁਖੀ ਸੁਖਪਾਲ ਸਿੰਘ (35), ਉਸ ਦੀ ਪਤਨੀ ਸੁਖਦੀਪ ਕੌਰ (32) ਅਤੇ ਪੁੱਤਰ ਬਲਜੋਤ ਸਿੰਘ (9) ਸ਼ਾਮਲ ਹਨ। ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਐਸਐਚਓ ਜਤਿੰਦਰ ਸਿੰਘ ਅਤੇ ਮੰਡੀ ਅਹਿਮਦਗੜ੍ਹ ਚੌਕੀ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਪਾਲ ਸਿੰਘ ਵਾਸੀ ਘੁੰਗਰਾਣਾ ਐਸਕੇਲੇਟਰ ਲਾਉਣ ਦਾ ਕੰਮ ਕਰਦਾ ਸੀ। ਉਹ ਪਿਛਲੇ ਕੁਝ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ। ਇਸ ਕਾਰਨ ਸੁਖਪਾਲ ਸਿੰਘ ਨੇ ਪਰਿਵਾਰ ਸਮੇਤ ਖ਼ੁਦਕੁਸ਼ੀ ਕਰ ਲਈ। ਸੁਖਪਾਲ ਦੇ ਪਿਤਾ ਦਰਸ਼ਨ ਸਿੰਘ ਨੇ ਜੀਆਰਪੀ ਨੂੰ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਰਜ਼ੇ ਹੇਠ ਸੀ। ਜਿਨ੍ਹਾਂ ਲੋਕਾਂ ਤੋਂ ਉਸ ਨੇ ਪੈਸੇ ਉਧਾਰ ਲਏ ਸਨ, ਉਹ ਉਸ ਤੋਂ ਪੈਸੇ ਵਾਪਸ ਮੰਗ ਰਹੇ ਸਨ। ਇਸ ਤੋਂ ਸੁਖਪਾਲ ਕਾਫੀ ਪਰੇਸ਼ਾਨ ਸੀ। ਕਰਜ਼ੇ ਦੀ ਮਾਰ ਤੋਂ ਬਚਣ ਲਈ ਸੁਖਪਾਲ ਸਵੇਰੇ ਘਰੋਂ ਨਿਕਲਦਾ ਸੀ ਅਤੇ ਦੇਰ ਰਾਤ ਹੀ ਘਰ ਪਰਤਦਾ ਸੀ। ਦਰਸ਼ਨ ਸਿੰਘ ਨੇ ਦੱਸਿਆ ਕਿ ਬੇਟਾ ਸੁਖਪਾਲ ਆਪਣੀ ਪਤਨੀ ਸੁਖਦੀਪ ਅਤੇ ਬੇਟੇ ਬਲਜੋਤ ਦੇ ਨਾਲ ਬੁੱਧਵਾਰ ਦੇਰ ਸ਼ਾਮ ਬਿਨਾਂ ਕਿਸੇ ਨੂੰ ਕੁਝ ਦੱਸੇ ਘਰੋਂ ਚਲਾ ਗਿਆ ਸੀ। ਤਿੰਨਾਂ ਨੇ ਕਿਲਾ ਰਾਏਪੁਰ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਨੂੰ ਘਟਨਾ ਦੀ ਜਾਣਕਾਰੀ ਵੀਰਵਾਰ ਸਵੇਰੇ ਮਿਲੀ। ਮੰਡੀ ਅਹਿਮਦਗੜ੍ਹ ਚੌਕੀ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਤਿੰਨਾਂ ਨੇ ਅੰਮ੍ਰਿਤਸਰ-ਹਿਸਾਰ ਐਕਸਪ੍ਰੈਸ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਤਿੰਨੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ 'ਚ ਰਖਵਾ ਦਿੱਤਾ ਹੈ।