- ਪਿੰਡ ਕੁਤਬਾ, ਹਰਦਾਸਪੁਰਾ, ਲੋਹਗੜ੍ਹ ਤੇ ਛਾਪਾ ਵਾਸੀ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਕੈਂਪ 'ਚ ਪੁੱਜਣ
- ਉੱਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਨੇ ਕੈਂਪ ਦੀ ਤਿਆਰੀ ਸਬੰਧੀ ਲਿਆ ਜਾਇਜ਼ਾ
ਮਹਿਲ ਕਲਾਂ, 26 ਜੂਨ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਦੇਣ ਲਈ "ਸਰਕਾਰ ਤੁਹਾਡੇ ਦੁਆਰ" ਲੜੀ ਤਹਿਤ ਵਿਸ਼ੇਸ਼ ਕੈਂਪ ਪਿੰਡ ਛਾਪਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 28 ਜੂਨ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਵੱਖ ਵੱਖ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਭਾਗਾਂ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਮੌਕੇ ਉੱਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਸਰਕਾਰੀ ਦਸਤਾਵੇਜ਼ ਵੀ ਤਿਆਰ ਕਰਕੇ ਦਿੱਤੇ ਜਾਣਗੇ। 28 ਜੂਨ ਨੂੰ ਪਿੰਡ ਕੁਤਬਾ, ਹਰਦਾਸਪੁਰਾ, ਲੋਹਗੜ੍ਹ ਅਤੇ ਛਾਪਾ ਦੇ ਵਾਸੀਆਂ ਲਈ ਇਹ ਕੈਂਪ ਪਿੰਡ ਛਾਪਾ ਵਿਖੇ ਸਵੇਰ 9 ਵਜੇ ਤੋਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਪ੍ਰਾਪਤ ਅਰਜ਼ੀਆਂ ਦਾ ਮੌਕੇ ਉੱਤੇ ਹੀ ਨਿਪਟਾਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮੌਕੇ ਉੱਤੇ ਪੈਨ ਕਾਰਡ, ਨਵੇਂ ਆਯੂਸ਼ਮਾਨ ਕਾਰਡ, ਆਧਾਰ ਕਾਰਡ ਅਤੇ ਪੀ.ਐਮ. ਕਿਸਾਨ ਨਿਧੀ ਕਾਰਡ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੇਂਡੂ ਰਿਹਾਇਸ਼ੀ ਸਰਟੀਫਿਕੇਟ, ਵਿਧਵਾ /ਆਸ਼ਰਤ ਅਤੇ ਬੁਢਾਪਾ ਪੈਨਸ਼ਨ ਲਈ, ਲੇਬਰ ਕਾਰਡ (ਨਵੇਂ ਅਤੇ ਰਿਨਿਊ ਕਰਵਾਉਣ ਲਈ), ਸ਼ਗਨ ਸਕੀਮ, ਨੀਲੇ ਕਾਰਡ ਕੈਂਸਲ ਕਰਵਾਉਣ ਜਾਂ ਰਿਹਾਇਸ਼ੀ ਪਤੇ 'ਚ ਸੋਧ ਕਰਵਾਉਣ ਲਈ, ਪੜ੍ਹਾਈ / ਖੇਤੀਬਾੜੀ / ਪਰਸਨਲ / ਘਰ ਲਈ ਕਰਜ਼ਿਆਂ ਸਬੰਧੀ, ਪੁਲਿਸ ਵੇਰਿਫਿਕੇਸ਼ਨ ਅਤੇ ਐੱਫ ਆਈ ਆਰ ਦੀ ਕਾਪੀ ਸਬੰਧੀ, ਖੇਤੀਬਾੜੀ ਮਿੱਟੀ ਅਤੇ ਪਾਣੀ ਦੇ ਨਮੂਨੇ ਅਤੇ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਸਬੰਧੀ ਬੇਨਤੀ ਪੱਤਰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਲ ਹੀ ਜਨਮ/ਮੌਤ ਸਰਟੀਫਿਕੇਟ, ਨਵਾਂ ਬਿਜਲੀ ਮੀਟਰ ਕਨੈਕਸ਼ਨ/ ਖੇਤੀਬਾੜੀ ਮੋਟਰ ਕਨੈਕਸ਼ਨ / ਬਿਜਲੀ ਲੋੜ ਵਧਾਉਣ ਜਾਂ ਘਟਾਉਣ ਸਬੰਧੀ ਅਤੇ ਹੋਰ ਇਸ ਤਰ੍ਹਾਂ ਦੀਆਂ ਸੇਵਾਵਾਂ ਲਈ ਵੀ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਦੌਰਾਨ ਉੱਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਸ਼੍ਰੀ ਸਤਵੰਤ ਸਿੰਘ ਨੇ 28 ਜੂਨ ਨੂੰ ਲੱਗਣ ਵਾਲੇ ਕੈਂਪ ਸਬੰਧੀ ਬੈਠਕ ਕੀਤੀ ਜਿਸ ਵਿਚ ਕੈਂਪ 'ਚ ਭਾਗ ਲੈਣ ਵਾਲੇ ਵਿਭਾਗਾਂ ਨੂੰ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਦੀ ਵਿਓਂਤਬੰਦੀ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਣੀ ਸਕੀਮਾਂ ਨਾਲ ਸਬੰਧਿਤ ਪੋਸਟਰ ਲਗਾਉਣ। ਹਰ ਇਕ ਵਿਭਾਗ ਨੂੰ ਦਰਸਾਉਂਦਾ ਪੋਸਟਰ ਹੋਵੇ ਅਤੇ ਕਾਉੰਟਰ ਨੰਬਰ ਲਿਖਿਆ ਹੋਵੇ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਆਉਣ ਵਾਲੇ ਲੋਕਾਂ ਨੂੰ ਟੋਕਨ ਜਾਰੀ ਕੀਤਾ ਜਾਵੇਗਾ ਅਤੇ ਜਦ ਉਨ੍ਹਾਂ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਨਾਲ ਹੀ ਇਸ ਬਾਰੇ ਜਾਣਕਾਰੀ ਇਕ ਰਿਪੋਰਟ ਦੇ ਰੂਪ 'ਚ ਤਿਆਰ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕੈਂਪ 'ਤੇ ਆਉਣ ਵਾਲੇ ਲੋਕਾਂ ਲਈ ਪੁੱਛ ਗਿੱਛ ਕੇਂਦਰ ਵੀ ਸਥਾਪਤ ਕੀਤਾ ਜਾ ਰਿਹਾ ਹੈ ਜਿੱਥੇ ਉਨ੍ਹਾਂ ਨੂੰ ਸਬੰਧਿਤ ਸੇਵਾਵਾਂ ਬਾਰੇ ਬਣੇ ਕਾਉੰਟਰ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਸੰਜੇ ਕੁਮਾਰ ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ, ਬੀ.ਡੀ.ਪੀ.ਓ. ਬਬਲਜੀਤ ਕੌਰ, ਡੀ.ਸੀ.ਪੀ.ਓ. ਹਰਬੰਸ ਸਿੰਘ, ਐੱਸ.ਐੱਮ.ਓ. ਮਹਿਲ ਕਲਾਂ ਡਾ. ਬਲਤੇਜ ਇੰਦਰ ਕੌਰ ਅਤੇ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।