ਪਾਇਲ ਦੇ ਪਿੰਡ ਧਮੋਟ ਕਲਾਂ ਵਿਖੇ ਗਲਾਡਾ ਤੋਂ ਬਿਨਾਂ ਮੰਨਜ਼ੂਰੀ ਲਏ ਗੈਰ-ਕਾਨੂੰਨੀ ਢੰਗ ਨਾਲ ਬਣਾਏ ਨਸ਼ਾ ਤਸਕਰਾਂ ਦੇ ਘਰਾਂ 'ਤੇ ਚੱਲਿਆ ਪੀਲਾ ਪੰਜਾ

  • ਸੂਬਾ ਸਰਕਾਰ ਨਸ਼ਿਆਂ ਦੇ ਸੌਦਾਗਰਾਂ ਨੂੰ ਪੰਜਾਬ 'ਚ ਨਹੀਂ ਰਹਿਣ ਦੇਵੇਗੀ
  • ਜ਼ਿਲ੍ਹਾ ਪੁਲਿਸ ਮੁਖੀ ਖੰਨਾ ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਪੁਲਿਸ ਨੇ ਕੀਤੀ ਕਾਰਵਾਈ
  • ਨਸ਼ਾ ਤਸਕਰਾਂ ਵਿਰੁੱਧ ਕੀਤੀ ਕਾਰਵਾਈ ਤੋਂ ਖੁਸ਼ ਹੋ ਕੇ ਲੋਕਾਂ ਨੇ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ

ਪਾਇਲ, 1 ਮਈ 2025 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ 'ਤੇ ਸ਼ੁਰੂ ਹੈ। ਇਸ ਕਾਰਵਾਈ ਤਹਿਤ ਵੀਰਵਾਰ ਨੂੰ ਖੰਨਾ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਪਾਇਲ ਦੇ ਪਿੰਡ ਧਮੋਟ ਕਲਾਂ ਵਿਖੇ ਤਿੰਨ ਨਸ਼ਾ ਤਸਕਰਾਂ ਦਾ ਘਰਾਂ ਨੂੰ ਢਾਹਿਆ ਗਿਆ। ਇਹ ਮਕਾਨ ਗਲਾਡਾ ਤੋਂ ਬਿਨਾਂ ਮੰਨਜ਼ੂਰੀ ਲਏ ਗੈਰ-ਕਾਨੂੰਨੀ ਢੰਗ ਨਾਲ ਬਣਾਏ ਹੋਏ ਸਨ। ਇਸ ਮੌਕੇ ਗਲਾਡਾ ਤੋਂ ਸਬ ਡਵੀਜ਼ਨਲ ਇੰਜਨੀਅਰ ਲੁਧਿਆਣਾ ਸ੍ਰੀ ਕਰਨ ਅਗਰਵਾਲ, ਗਲਾਡਾ ਤੋਂ ਜ਼ਿਲ੍ਹਾ ਨਗਰ ਯੋਜਨਾਕਾਰ ਰੈਗੂਲੇਟਰ ਲੁਧਿਆਣਾ ਸ੍ਰੀ ਹਰਪ੍ਰੀਤ ਸਿੰਘ ਬਾਜਵਾ ਅਤੇ ਨਾਇਬ ਤਹਿਸੀਲਦਾਰ (ਡਿਊਟੀ ਮੈਜਿਸਟਰੇਟ) ਸ੍ਰੀ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਜ਼ਿਲ੍ਹਾ ਪੁਲਿਸ ਮੁਖੀ ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਧਮੋਟ ਕਲਾਂ ਦੇ ਇਹਨਾਂ 3 ਪਰਿਵਾਰਾਂ ਉੱਪਰ ਆਈ. ਪੀ. ਸੀ, ਐਨ.ਡੀ.ਪੀ.ਐਸ.ਐਕਟ ਅਧੀਨ ਵੱਖ ਵੱਖ ਮੁਕੱਦਮੇ ਦਰਜ਼ ਹਨ। ਉਹਨਾਂ ਵਿੱਚ ਸਤਵਿੰਦਰ ਸਿੰਘ ਉਰਫ ਬੌਬੀ ਪੁੱਤਰ ਅਜਮੇਰ ਸਿੰਘ ਵਾਸੀ ਧਮੋਟ ਕਲਾਂ, ਪਾਇਲ 'ਤੇ 6 ਐਫ਼ਆਈਆਰ, ਪਲਵਿੰਦਰ ਸਿੰਘ ਉਰਫ ਪੱਪੂ ਪੁੱਤਰ ਪ੍ਰੀਤਮ ਸਿੰਘ ਵਾਸੀ ਧਮੋਟ ਕਲਾਂ, ਪਾਇਲ 'ਤੇ 6 ਐਫ਼.ਆਈ.ਆਰ, ਸਰਬਜੀਤ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਧਮੋਟ ਕਲਾਂ, ਪਾਇਲ 'ਤੇ 3 ਐਫ਼.ਆਈ.ਆਰ ਦਰਜ ਅਤੇ ਸਰਬਜੀਤ ਕੌਰ ਦੀ ਮਾਤਾ ਕਰਮਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਧਮੋਟ ਕਲਾਂ, ਪਾਇਲ 'ਤੇ 3 ਐਫ਼.ਆਈ.ਆਰ ਦਰਜ ਹਨ। ਉਨ੍ਹਾਂ ਨਸ਼ਿਆਂ ਦੇ ਸੌਦਾਗਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ। ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਨਸ਼ੇ ਦੇ ਸੌਦਾਗਰਾਂ ਨੇ ਸੂਬੇ ਦੀ ਜਵਾਨੀ ਨੂੰ ਕੁਰਾਹੇ ਪਾਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਕਾਰੋਬਾਰੀਆਂ ਦੀ ਸ਼ਿਕਾਇਤ ਕਰਨ ਲਈ ਆਪਣੇ ਨੇੜਲੇ ਪੁਲਿਸ ਸਟੇਸ਼ਨ ਵਿਖੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ ਹੈ, ਇਸ ਲਈ ਉਹ ਇਹ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਦੇ ਘਰਾਂ 'ਤੇ ਵੀ ਪੀਲਾ ਪੰਜਾ ਚਲਾਇਆ ਜਾਵੇਗਾ। ਇਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੀ ਜ਼ਿਲ੍ਹਾ ਲੁਧਿਆਣਾ ਦੇ ਪਾਇਲ ਅਧੀਨ ਪੈਂਦੇ ਪਿੰਡ ਧਮੋਟ ਕਲਾਂ ਦੇ ਸਰਪੰਚ ਕਮਲਜੀਤ ਕੌਰ, ਪੰਚਾਇਤ ਮੈਂਬਰ ਅਮਨਦੀਪ ਸਿੰਘ,  ਪੰਚਾਇਤ ਮੈਂਬਰ ਜਗਜੀਵਨ ਸਿੰਘ, ਪੰਚਾਇਤ ਮੈਂਬਰ ਗੁਰਦੀਪ ਸਿੰਘ, ਪੰਚਾਇਤ ਮੈਂਬਰ ਮਨਵੀਰ ਸਿੰਘ, ਪੰਚਾਇਤ ਮੈਂਬਰ ਹਰਪ੍ਰੀਤ ਸਿੰਘ, ਯਾਦਵਿੰਦਰ ਸਿੰਘ ਅਤੇ ਹੋਰ ਪਿੰਡ ਨਿਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੁਲਿਸ ਪ੍ਰਸ਼ਾਸ਼ਨ ਧੰਨਵਾਦ ਕੀਤਾ ਗਿਆ। ਇਸ ਮੌਕੇ ਐਸ.ਪੀ (ਐਚ) ਖੰਨਾ ਤੇਜਵੀਰ ਸਿੰਘ, ਡੀ.ਐਸ.ਪੀ (ਡੀ) ਮੋਹਿਤ ਸਿੰਗਲਾ, ਡੀ.ਐਸ.ਪਾਇਲ ਹੇਮੰਤ ਮਲਹੋਤਰਾ, ਐਸ.ਐਚ.ਓ ਪਾਇਲ ਸੰਦੀਪ ਕੁਮਾਰ, ਐਸ.ਐਚ.ਓ ਮਲੌਦ ਸਤਨਾਮ ਸਿੰਘ ਵੀ ਹਾਜ਼ਰ ਸਨ।