
ਫ਼ਰੀਦਕੋਟ 10 ਜਨਵਰੀ, 2025 : ਆਮ ਆਦਮੀ ਪਾਰਟੀ ਦੀ ਸਰਕਾਰ ਆਮ ਜਨਤਾ ਵਲੋਂ ਹੀ ਚੁਣੀ ਗਈ ਹੈ ਇਸ ਲਈ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਪ੍ਰੀਤ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਦੇ ਵਿਕਾਸ ਲਈ ਵੀ ਇੱਕ ਲੱਖ ਰੁਪਏ ਦਾ ਚੈਕ ਭੇਟ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਫੰਡ ਦਿੱਤੇ ਜਾ ਰਹੇ ਹਨ ਉਨ੍ਹਾਂ ਦੀ ਸਮੇਂ ਸਿਰ, ਸਹੀ ਵਰਤੋਂ ਕੀਤੀ ਜਾਵੇ। ਉਹਨਾਂ ਕਿਹਾ ਕਿ ਉਨ੍ਹਾਂ ਦੇ ਅਖਤਿਆਰੀ ਫੰਡ ਵਿੱਚੋਂ ਸਭ ਤੋਂ ਵੱਧ ਗਰਾਂਟਾਂ ਲੜਕੀਆਂ ਦੇ ਸਕੂਲ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਸਿੱਖਿਅਤ ਕਰਕੇ ਪਰਿਵਾਰ ਅਤੇ ਸਮਾਜ ਨੂੰ ਤਗੜਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦਾ ਮੁਹਾਂਦਰਾ ਬਦਲਣ ਵਿੱਚ ਅਧਿਆਪਕ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਅਤੇ ਬੱਚਿਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ । ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਬੱਚਿਆਂ ਨੂੰ ਤਕਨੀਕੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਘਰ ਬੈਠੇ ਵਿਦੇਸ਼ੀ ਕੰਪਨੀਆਂ ਵਿੱਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਦਿਵਾਏ ਜਾਣ। ਇਸ ਮੌਕੇ ਉਨ੍ਹਾਂ ਲੇਖਕ ਕੁਲਵਿੰਦ ਵਿਰਕ ਦੀ ਕਿਤਾਬ "ਪੌਣ ਪਾਣੀ ਤੇ ਰੇਤ" ਵੀ ਰਲੀਜ ਕੀਤੀ। ਇਸ ਮੌਕੇ ਸ. ਸੁਖਦੇਵ ਸਿੰਘ ਦੋਸਾਂਝ, ਪਰਮਿੰਦਰ ਸਿੰਘ, ਯਸ਼ਪਾਲ ਜੈਤੋ, ਬਲਜੀਤ ਗਰੋਵਰ, ਡਿਪਟੀ ਸਿੰਘ, ਵੀਰਪਾਲ ਕੌਰ ਅਤੇ ਡਿਪਟੀ ਸਿੰਘ ਹਾਜ਼ਰ ਸਨ।