- ਕਿਸਾਨਾ,ਆੜਤੀਆਂ,ਮਜਦੂਰਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ
- ਕਿਸਾਨਾਂ ਨੂੰ 345 ਕਰੋੜ ਰੁਪਏ ਦੀ ਆਨਲਾਈਨ ਅਦਾਇਗੀ
ਕੋਟਕਪੂਰਾ 28 ਅਕਤੂਬਰ 2024 : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਮਾਰਕੀਟ ਕਮੇਟੀ ਕੋਟਕਪੂਰਾ ਅਧੀਨ ਆਉਂਦੇ ਖਰੀਦ ਕੇਂਦਰ ਖਾਰਾ,ਪੱਕਾ ਅਤੇ ਮੁੱਖ ਦਾਣਾ ਮੰਡੀ ਕੋਟਕਪੂਰਾ ਸਮੇਤ ਵੱਖ-ਵੱਖ ਖਰੀਦ ਕੇਂਦਰਾ ਦਾ ਦੌਰਾ ਕਰਕੇ ਮੰਡੀਆਂ ਵਿਚ ਹਾਜਰ ਕਿਸਾਨਾਂ ,ਆੜਤੀਆਂ ਅਤੇ ਲੇਬਰ ਆਦਿ ਤੋਂ ਝੋਨੇ ਦੀ ਖਰੀਦ, ਅਦਾਇਗੀ, ਲਿਫਟਿੰਗ ਆਦਿ ਬਾਰੇ ਜਾਣਕਾਰੀ ਲਈ। ਇਸ ਮੌਕੇ ਕਿਸਾਨਾਂ ਤੇ ਆੜਤੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਖਰੀਦ ਪ੍ਰਬੰਧਾ ਤੋਂ ਸੰਤੁਸ਼ਟੀ ਜਾਹਿਰ ਕੀਤੀ। ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੁਸ਼ਕਿਲ ਦੀ ਘੜੀ ਵਿਚ ਆਪਣੇ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਝੋਨੇ ਦੀ ਖਰੀਦ, ਅਦਾਇਗੀ, ਲਿਫਟਿੰਗ ਆਦਿ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਕੋਲ ਪਏ ਝੋਨੇ ਨੂੰ ਨਾ ਚੁੱਕਣ ਕਾਰਨ ਸ਼ੁਰੂਆਤੀ ਦੌਰ ਵਿਚ ਲਿਫਟਿੰਗ ਸਬੰਧੀ ਕੁਝ ਸਮੱਸਿਆ ਆਈ ਸੀ, ਜੋ ਕਿ ਹੁਣ ਪੂਰੀ ਤਰ੍ਹਾਂ ਹੱਲ ਕਰ ਲਈ ਗਈ ਹੈ ਅਤੇ ਸ਼ੈਲਰ ਮਾਲਕਾਂ ਵੱਲੋਂ ਮੰਡੀਆਂ ਵਿਚ ਆਮ ਵਾਂਗ ਖਰੀਦੇ ਗਏ ਝੋਨੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਇਸ ਮੌਕੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਕਿਸੇ ਵੀ ਕਿਸਾਨ ਤੋਂ ਕੋਈ ਵੀ ਸ਼ੈਲਰ ਮਾਲਕ ਜਾਂ ਆੜਤੀ ਕਿਸੇ ਤਰ੍ਹਾਂ ਕੋਈ ਵੀ ਕਾਟ ਨਾ ਕੱਟੇ। ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਦੇ ਕਿਸਾਨਾਂ ਨੂੰ ਅੱਜ ਤੱਕ ਖਰੀਦੇ ਗਏ ਝੋਨੇ ਦੀ 345 ਕਰੋੜ ਰੁਪਏ ਦੀ ਅਦਾਇਗੀ ਆਨਲਾਈਨ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਰਕੀਟ ਕਮੇਟੀ ਦਫਤਰ ਕੋਟਕਪੂਰਾ ਵਿਖੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਆੜਤੀਆਂ ਨਾਲ ਖਰੀਦ ਪ੍ਰਬੰਧਾ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਐਸ ਡੀ ਐਮ ਵਰਿੰਦਰ ਸਿੰਘ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਡੀ ਐਫ ਸੀ ਰਾਜ ਰਿਸ਼ੀ ਮਹਿਰਾ, ਡੀ ਐਮ ਸੁਖਜਿੰਦਰ ਕੌਰ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਸੁਖਵੰਤ ਸਿੰਘ ਪੱਕਾ, ਸ਼੍ਰੀ ਯੁਗਵੀਰ ਸੈਕਟਰੀ ਮਾਰਕੀਟ ਕਮੇਟੀ ਸਰਪੰਚ ਜਗਤਾਰ ਸਿੰਘ ਜੱਗਾ ਅਤੇ ਮੋਹਤਬਰ ਸੱਜਣ ਹਾਜਰ ਸਨ।