ਸੰਗਰੂਰ : ਖੇਤਰੀ ਸਰਸ ਮੇਲੇ ਦੌਰਾਨ ‘ਸਟਾਰ ਨਾਈਟ’ ਵਿੱਚ ਗਾਇਕ ਜੋਰਡਨ ਸੰਧੂ ਦੇ ਗੀਤਾਂ ਦੀ ਖੂਬ ਧੂਮ ਰਹੀ। ਬੱਚਿਆਂ, ਨੌਜਵਾਨਾਂ ਸਮੇਤ ਸਮੂਹ ਦਰਸ਼ਕਾਂ ਨੇ ਆਪਣੇ ਪਸੰਦੀਦਾ ਗਾਇਕ ਦੇ ਗੀਤਾਂ ਨੂੰ ਸਦੀਵੀ ਯਾਦ ਦਾ ਹਿੱਸਾ ਬਣਾਉਣ ਲਈ ਆਪਣੇ ਮੋਬਾਇਲਾਂ ਵਿੱਚ ਕੈਦ ਕੀਤਾ ਅਤੇ ਰਾਤ ਤੱਕ ਗੀਤ ਸੰਗੀਤ ਦਾ ਪੂਰੇ ਉਤਸ਼ਾਹ ਨਾਲ ਆਨੰਦ ਮਾਣਿਆ। ਜ਼ਿਕਰਯੋਗ ਹੈ ਕਿ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ਵਿਖੇ ਆਯੋਜਿਤ ਸਰਸ ਮੇਲੇ ਵਿੱਚ ਦਿਨ ਭਰ ਹਜ਼ਾਰਾਂ ਲੋਕ ਵਧ ਚੜ ਕੇ ਆਨੰਦ ਮਾਣ ਰਹੇ ਹਨ। ਕਲਾਪ੍ਰੇਮੀ ਮੇਲੇ ਵਿੱਚ ਸਟਾਲਾਂ ’ਤੇ ਪ੍ਰਦਰਸ਼ਿਤ ਦਿਲਖਿਚਵੇਂ ਸਮਾਨ ਦੀ ਖਰੀਦਦਾਰੀ ਕਰ ਰਹੇ ਹਨ ਅਤੇ ਫੂਡ ਸਟਾਲਾਂ ’ਤੇ ਸੂਬਾਈ ਪਕਵਾਨਾਂ ਦਾ ਸਵਾਦ ਮਾਨਣ ਵਾਲਿਆਂ ਦੀ ਵੀ ਕਮੀ ਨਹੀਂ ਹੈ। ਜੋਰਡਨ ਸੰਧੂ ਨੇ ਆਪਣੀ ਸੰਗੀਤਕ ਸ਼ਾਮ ਦੀ ਸ਼ੁਰੂਆਤ ਆਪਣੇ ਚਰਚਿਤ ਗੀਤਾਂ ਨਾਲ ਕੀਤੀ ਅਤੇ ਸੰਗੀਤਕ ਧੁਨਾਂ ਦੇ ਸੁਮੇਲ ਨਾਲ ਦਰਸ਼ਕਾਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਪਾਇਆ। ਜੋਰਡਨ ਸੰਧੂ ਨੇ ‘ਫਰੀ ਸਟਾਈਲ’, ‘ਮੁੱਛ ਰੱਖੀ ਐ’, ‘ਦੋ ਵਾਰੀ ਜੱਟ ਮਰਿਆ’, ‘ਪਾਜ਼ੀਟਿਵਿਟੀ’, ‘ਤੀਜੇ ਵੀਕ’ ਆਦਿ ਪ੍ਰਸਿੱਧ ਗੀਤਾਂ ਨਾਲ ਲੋਕਾਂ ਦਾ ਲਗਭਗ ਡੇਢ ਘੰਟਾ ਭਰਵਾਂ ਮਨੋਰੰਜਨ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਏਡੀਸੀ ਵਰਜੀਤ ਵਾਲੀਆ, ਏਡੀਸੀ ਅਨਮੋਲ ਸਿੰਘ ਧਾਲੀਵਾਲ ਦੇ ਨਾਲ ਨਾਲ ਜ਼ਿਲੇ ਦੇ ਜੁਡੀਸ਼ੀਅਲ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੇ ਵੀ ਸੁਰਮਈ ਸ਼ਾਮ ਦਾ ਆਨੰਦ ਮਾਣਿਆ। ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਇਸ ਸਰਸ ਮੇਲੇ ਤਹਿਤ ਸਟਾਰ ਨਾਈਟ ਵਿੱਚ 11 ਅਕਤੂਬਰ ਨੂੰ ਹਰਭਜਨ ਸ਼ੇਰਾ, 12 ਅਕਤੂਬਰ ਨੂੰ ਸੁਨੰਦਾ ਸ਼ਰਮਾ, 13 ਅਕਤੂਬਰ ਨੂੰ ਜਸਵਿੰਦਰ ਬਰਾੜ, 14 ਅਕਤੂਬਰ ਨੂੰ ਅਰਮਾਨ ਢਿੱਲੋਂ, ਪ੍ਰਭ ਬੈਂਸ, ਜਸ਼ਨ ਇੰਦਰ, ਸੋਫ਼ੀਆ ਇੰਦਰ, ਬਸੰਤ ਕੁਰ ਤੇ ਜੱਸੀ ਧਾਲੀਵਾਲ, 15 ਅਕਤੂਬਰ ਨੂੰ ਰਣਜੀਤ ਬਾਵਾ ਅਤੇ 16 ਅਕਤੂਬਰ ਨੂੰ ਸਤਿੰਦਰ ਸਰਤਾਜ ਆਪਣੀ ਹਾਜ਼ਰੀ ਲਵਾਉਣਗੇ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਵਿੱਚ ਸ਼ਾਮਲ ਹੋਏ ਵੱਖ ਵੱਖ ਰਾਜਾਂ ਦੇ ਕਲਾਕਾਰਾਂ, ਸ਼ਿਲਪਕਾਰਾਂ, ਦਸਤਕਾਰਾਂ ਦੇ ਹੁਨਰ ਨੂੰ ਦੇਖਣ ਅਤੇ ਹੌਂਸਲਾ ਅਫਜਾਈ ਲਈ ਜ਼ਰੂਰ ਪਹੁੰਚਣ ਤਾਂ ਜੋ ਅਲੋਪ ਹੁੰਦੀਆਂ ਜਾ ਰਹੀਆਂ ਕਲਾਵਾਂ ਨੂੰ ਜੀਵਤ ਰੱਖਿਆ ਜਾ ਸਕੇ।