ਸੰਗਰੂਰ : ਖੇਤਰੀ ਸਰਸ ਮੇਲਾ ਸੰਗਰੂਰ ਵਿਖੇ ‘ਹਰ ਨਾਈਟ, ਸਟਾਰ ਨਾਈਟ’ ਤਹਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਬੀਤੀ ਰਾਤ ਪੰਜਾਬ ਦੇ ਮਸ਼ਹੂਰ ਗਾਇਕ ਹਰਜੀਤ ਹਰਮਨ ਨੇ ਆਪਣੇ ਗੀਤਾਂ ਨਾਲ ਰੰਗ ਬੰਨ ਦਿੱਤਾ। ਹਰਜੀਤ ਹਰਮਨ ਨੇ ਮਿੱਤਰਾਂ ਦਾ ਨਾਂਅ ਚੱਲਦਾ, ਸਿੱਧੀ ਸਾਧੀ ਜੱਟੀ ਸਾਡੀ ਪਰੀਆਂ ਤੋਂ ਵੀ ਸੋਹਣੀ, ਝੂਟਦੀ ਚਡੋਲ ਜੱਟੀਏ, ਗੱਲ ਦਿਲ ਦੀ ਦੱਸ ਸੱਜਣਾ, ਜਿੱਥੇ ਮਰਜ਼ੀ ਪਰਖ ਲਵੀਂ, ਤੇਰਾ ਦਿਲ ‘ਤੇ ਲਿਖਾ ਕੇ ਅਸੀਂ ਨਾਂ ਰੱਖਿਆ, ਬਲਿਹਾਰੀ ਕੁਦਰਤ ਆਦਿ ਗਾਣਿਆ ਸਮੇਤ ਆਪਣੇ ਕਈ ਮਸ਼ਹੂਰ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਲਿਆ। ਇਸ ਦੌਰਾਨ ਦਰਸ਼ਕਾਂ ਦੇ ਪੈਰ ਵੀ ਥਿੜਕਦੇ ਨਜ਼ਰ ਆਏ। ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ, ਐਸ ਐਸ ਪੀ ਸ਼੍ਰੀ ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਨਮੋਲ ਸਿੰਘ ਧਾਲੀਵਾਲ ਸਮੇਤ ਜ਼ਿਲੇ ਦੇ ਪ੍ਰਸ਼ਾਸਨਿਕ ਤੇ ਜੁਡੀਸ਼ੀਅਲ ਅਧਿਕਾਰੀਆਂ ਨੇ ਵੀ ਪ੍ਰੋਗਰਾਮ ਦਾ ਆਨੰਦ ਮਾਣਿਆ। ਦੱਸਣਯੋਗ ਹੈ ਕਿ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ 17 ਅਕਤੂਬਰ ਤੱਕ ਲੱਗਣ ਵਾਲੇ ਸਰਸ ਮੇਲੇ 2022 ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਰਸ ਮੇਲੇ ਵਿੱਚ ਵੱਖ-ਵੱਖ ਰਾਜਾਂ ਦੇ ਪਕਵਾਨ, ਨਾਚ, ਹੱਥੀ ਤਿਆਰ ਕੀਤੀਆਂ ਕਲਾ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੀਆਂ ਹਜ਼ਾਰਾਂ ਵੰਨਗੀਆਂ ਮੌਜੂਦ ਹਨ, ਜਿਸ ਨੂੰ ਲੋਕ ਵੇਖ ਤੇ ਖਰੀਦ ਰਹੇ ਹਨ। 12 ਅਕਤੂਬਰ ਨੂੰ ਹੋ ਰਹੇ ‘ਕਰਵਾ ਚੌਥ’ ਦੇ ਵਿਸ਼ੇਸ਼ ਪ੍ਰੋਗਰਾਮ ਵਿਚ ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਆਪਣੇ ਰੰਗ ਬਿਖੇਰੇਗੀ। ਇਸ ਤੋਂ ਇਲਾਵਾ 13 ਅਕਤੂਬਰ ਨੂੰ ਜਸਵਿੰਦਰ ਬਰਾੜ, 14 ਅਕਤੂਬਰ ਨੂੰ ਅਰਮਾਨ ਢਿੱਲੋਂ, ਪ੍ਰਭ ਬੈਂਸ, ਚੇਤ ਸਿੰਘ, ਜਸ਼ਨ ਇੰਦਰ, ਸੋਫ਼ੀਆ ਇੰਦਰ, ਬਸੰਤ ਕੁਰ ਤੇ ਜੱਸੀ ਧਾਲੀਵਾਲ, 15 ਅਕਤੂਬਰ ਨੂੰ ਰਣਜੀਤ ਬਾਵਾ ਤੇ 16 ਅਕਤੂਬਰ ਨੂੰ ਸਤਿੰਦਰ ਸਰਤਾਜ ਆਪਣੀ ਕਲਾ ਰਾਹੀ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਸੂਬਿਆਂ ਤੋਂ ਆਏ ਦਸਤਕਾਰਾਂ, ਸ਼ਿਲਪਕਾਰਾਂ ਤੇ ਕਲਾਕਾਰਾਂ ਦੀਆਂ ਅਨੂਠੀਆਂ ਕਲਾਕ੍ਰਿਤਾਂ ਵੇਖਣ ਲਈ ਇੱਕ ਵਾਰ ਸਰਸ ਮੇਲੇ ਸੰਗਰੂਰ ਵਿਖੇ ਜ਼ਰੂਰ ਆਉਣ।