ਤਰੱਕੀ ਪਸੰਦ ਰੁਝਾਨ ਨੂੰ ਅੱਗੇ ਤੋਰਨਾ, ਪਿਛਾਂਹ ਖਿੱਚੂ ਰਵਾਇਤ ਅਤੇ ਸੋਚ ਤੋਂ ਕਿਨਾਰਾ ਕਰਨਾ ਜ਼ਰੂਰੀ : ਦਲਜੀਤ ਅਮੀ
ਪਟਿਆਲਾ : ਸਰਕਾਰੀ ਕਾਲਜ ਲੜਕੀਆਂ (ਜੀ. ਸੀ. ਜੀ.), ਪਟਿਆਲਾ ਵਿਖੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਈ. ਐੱਮ.ਆਰ.ਸੀ., ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਸ਼ਾਮਿਲ ਹੋਏ ।ਉਨ੍ਹਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਆਧੁਨਿਕ ਸਮੇਂ ਵਿੱਚ ਇਸ ਦੀ ਪ੍ਰਸੰਗਿਕਤਾ ਬਾਰੇ ਇੱਕ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਭਗਤ ਸਿੰਘ ਦੀ ਅਹਿਮੀਅਤ, ਉਨ੍ਹਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੀ ਤਰਜ਼-ਏ-ਜਿ਼ੰਦਗੀ ਨਾਲ ਜੋੜ ਕੇ ਬਣਦੀ ਹੈ। ਇਹ ਸੋਚਣਾ ਬਣਦਾ ਹੈ ਕਿ ਉਨ੍ਹਾਂ ਨੇ ਆਪਣੇ ਦੌਰ ਵਿੱਚ ਇਤਿਹਾਸ, ਸੱਭਿਆਚਾਰ, ਸਮਕਾਲੀ ਹਾਲਾਤ ਅਤੇ ਸਿਆਸੀ ਮਾਹੌਲ ਵਿੱਚ ਕਿਸ ਤਰ੍ਹਾਂ ਦਾ ਹੁੰਗਾਰਾ ਭਰਿਆ। ਉਨ੍ਹਾਂ ਨੇ ਇਨ੍ਹਾਂ ਸਾਰਿਆਂ ਦੇ ਬਾਬਤ ਇੱਕ ਪੜਚੋਲਵਾਂ ਨਜ਼ਰੀਆ ਬਣਾਇਆ ਜਿਸ ਵਿੱਚ ਉਨ੍ਹਾਂ ਨੇ ਇਹ ਫ਼ੈਸਲੇ ਕੀਤੇ ਕਿ ਸੱਭਿਆਚਾਰ ਅਤੇ ਇਤਿਹਾਸ ਦੇ ਲੋਕਪੱਖੀ ਅਤੇ ਤਰੱਕੀਪਸੰਦ ਰੁਝਾਨ ਨੂੰ ਅੱਗੇ ਤੋਰਨਾ ਜ਼ਰੂਰੀ ਹੈ। ਪਿਛਾਂਹਖਿੱਚੂ ਰਵਾਇਤ ਅਤੇ ਸੋਚ ਤੋਂ ਕਿਨਾਰਾ ਕਰਨਾ ਜ਼ਰੂਰੀ ਹੈ ਅਤੇ ਕਈ ਕੁੱਝ ਅਜਿਹਾ ਹੈ ਜਿਸ ਵਿੱਚ ਸਮਕਾਲੀ ਮਾਹੌਲ ਮੁਤਾਬਿਕ ਲੋੜੀਂਦਾ ਸੁਧਾਰ ਕਰ ਕੇ ਅੱਗੇ ਤੋਰਿਆ ਜਾਣਾ ਚਾਹੀਦਾ ਹੈ। ਦਲਜੀਤ ਅਮੀ ਨੇ ਦਲੀਲ ਪੇਸ਼ ਕੀਤੀ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸਮਝ ਨੂੰ ਪੁਖ਼ਤਾ ਕਰਨ ਵਿੱਚ ਲੱਗੇ ਤਰੱਦਦ ਨੂੰ ਮੌਜੂਦਾ ਦੌਰ ਦੇ ਹਵਾਲੇ ਨਾਲ਼ ਦੁਹਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਅਹਿਮੀਅਤ ਉਸ ਦੀ ਤਸਵੀਰ ਜਾਂ ਉਸ ਦੀਆਂ ਲਿਖਤਾਂ ਦਾ ਰੱਟਾ ਮਾਰਨ ਵਿੱਚ ਨਹੀਂ ਹੈ ਸਗੋਂ ਬਿਹਤਰ ਸਮਾਜ ਦੀ ਉਸਾਰੀ ਦੇ ਸੁਪਨੇ ਨੂੰ ਜਿਉਂਦਾ ਰੱਖਣ ਅਤੇ ਉਸ ਵਿੱਚ ਤਨਦੇਹੀ ਨਾਲ਼ ਆਪਣਾ ਹਿੱਸਾ ਪਾਉਣ ਵਿੱਚ ਹੈ। ਇਸ ਪ੍ਰੋਗਰਾਮ ਦੇ ਆਯੋਜਕ ਅਤੇ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਸ਼ਾਮ ਸੁੰਦਰ ਨੇ ਦੱਸਿਆ ਕਿ ਦਲਜੀਤ ਅਮੀ ਵੱਲੋਂ ਜਿੱਥੇ ਇੱਕ ਪਾਸੇ ਸ਼ਹੀਦ ਭਗਤ ਸਿੰਘ ਦੀ ਜਿ਼ੰਦਗੀ ਅਤੇ ਫ਼ਲਸਫ਼ੇ ਬਾਰੇ ਚਾਨਣਾ ਪਾਇਆ ਗਿਆ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਈ.ਐੱਮ.ਆਰ.ਸੀ.ਕੇਂਦਰ, ਪਟਿਆਲਾ ਦੇ ਕੰਮ ਕਰਨ ਦੇ ਢੰਗ ਬਾਰੇ ਜਾਣੂ ਕਰਵਾਇਆ। ਉਨ੍ਹਾਂ ਇਸ ਕੇਂਦਰ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਵੱਖ-ਵੱਖ ਅਧਿਆਪਕਾਂ ਨੂੰ ਇਸ ਨਾਲ਼ ਜੁੜ ਕੇ ਕੰਮ ਕਰਨ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਇਤਿਹਾਸ ਦੇ ਅਧਿਆਪਕ ਸੰਦੀਪ ਸਿੰਘ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਪ੍ਰਿੰਸੀਪਲ ਚਰਨਜੀਤ ਕੌਰ ਨੇ ਇਸ ਮੌਕੇ ਸਵਾਗਤੀ ਭਾਸ਼ਣ ਦਿੱਤਾ ਗਿਆ ਅਤੇ ਵਾਈਸ ਪ੍ਰਿੰਸੀਪਲ ਗੁਰਵੀਨ ਕੌਰ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ। ਮੰਚ ਸੰਚਾਲਨ ਜਸਰੀਨ ਵੱਲੋਂ ਕੀਤਾ ਗਿਆ। ਕਾਲਜ ਵਿੱਚ ਇਸੇ ਦਿਨ ਖਿਆਤੀ ਸ਼ਰਮਾ ਦੀ ਨਿਰਦੇਸ਼ਨਾ ਵਿੱਚ ਸ਼ਹੀਦ ਭਗਤ ਸਿੰਘ ਦੀ ਜਿ਼ੰਦਗੀ ਬਾਰੇ ਨਾਟਕ ਵੀ ਖੇਡਿਆ ਗਿਆ। ਕਾਲਜ ਦੀ ਲਾਇਬਰੇਰੀ ਵਿੱਚ ਉਪਲਬਧ ਦੇਸ-ਭਗਤੀ ਦੇ ਵਿਸ਼ੇ ਨਾਲ਼ ਸੰਬੰਧਤ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਤੋਂ ਇਲਾਵਾ ਸਾਈਕਲ ਰੈਲੀ ਦਾ ਪ੍ਰਬੰਧ ਵੀ ਕੀਤਾ ਗਿਆ।