ਪੰਜਾਬ ਸਿਹਤ ਸੇਵਾਵਾਂ ਦੇ ਖੇਤਰ ’ਚ ਤੇਜ਼ੀ ਨਾਲ ਅੱਗੇ ਵੱਧ ਰਿਹਾ : ਰਾਜਪਾਲ ਕਟਾਰੀਆ

ਬਠਿੰਡਾ, 19 ਅਪ੍ਰੈਲ 2025 : ਪੰਜਾਬ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਥਾਨਕ ਏਮਜ਼ ਵਿਖੇ ਯੂਰੋਲੋਜੀ ਦੀ ਨੈਸ਼ਨਲ ਸੁਸਾਇਟੀ ਦੀ ਦੋ ਰੋਜਾ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨ ਮੌਕੇ ਸੰਬੋਧਨ ਕਰਦਿਆਂ ਕੀਤਾ। ਇਸ ਦੋ ਰੋਜਾ ਵਰਕਸ਼ਾਪ ਚ ਦੇਸ਼ ਵਿਦੇਸ਼ਾਂ ਚੋਂ ਕਰੀਬ 350 ਡਾਕਟਰਾਂ ਵਲੋਂ 22 ਮਰੀਜ਼ਾਂ ਦੀ ਪੱਥਰੀ ਕੱਢਣ ਦੀ ਆਧੁਨਿਕ ਵਿਧੀ ਤੇ ਟੈਕਨਾਲੋਜੀ ਰਾਹੀਂ ਬਿਨਾਂ ਕਿਸੇ ਖਰਚ ਦੇ ਆਪਰੇਸ਼ਨ ਕੀਤੇ ਜਾਣਗੇ। ਇਸ ਦੌਰਾਨ ਰਾਜਪਾਲ  ਗੁਲਾਬ ਚੰਦ ਕਟਾਰੀਆ ਨੇ ਸੰਬੋਧਨ ਦੌਰਾਨ ਇਸ ਸਮਾਗਮ ਨੂੰ ਪੰਜਾਬ ਲਈ ਇੱਕ ਮਾਣ ਵਾਲਾ ਪਲ ਦੱਸਿਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਭਰ ਦੇ ਪ੍ਰਸਿੱਧ ਯੂਰੋਲੋਜੀਕਲ ਮਾਹਿਰ ਗੁਰਦੇ ਦੀ ਪੱਥਰੀ ਦੀ ਸਰਜਰੀ ਵਿੱਚ ਮਹੱਤਵਪੂਰਨ ਪ੍ਰਗਤੀ 'ਤੇ ਵਿਚਾਰ- ਵਟਾਂਦਰਾ ਕਰਨ ਲਈ ਇਕੱਠੇ ਹੋਏ ਹਨ। ਇਸ ਦੌਰਾਨ ਸ਼੍ਰੀ ਗੁਲਾਬ ਚੰਦ ਕਟਾਰੀਆਂ ਨੇ ਏਮਜ਼ ਬਠਿੰਡਾ ਦੇ ਯੂਰੋਲੋਜੀ ਵਿਭਾਗ ਦੀ ਸ਼ਲਾਘਾ ਕਰਦਿਆਂ ਪੰਜਾਬ ਵਿੱਚ ਸਰਕਾਰੀ ਖੇਤਰ ਵਿੱਚ ਗੁਰਦੇ ਟ੍ਰਾਂਸਪਲਾਂਟੇਸ਼ਨ ਸੇਵਾਵਾਂ ਸ਼ੁਰੂ ਕਰਨ ਵਿੱਚ ਉਨ੍ਹਾਂ ਨੂੰ ਮੋਹਰੀ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਇਥੇ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਭਾਰੀ ਗਿਣਤੀ ਵਿੱਚ ਮਰੀਜ਼ ਲਾਹਾ ਲੈ ਰਹੇ ਹਨ। ਰਾਜਪਾਲ ਨੇ ਕਾਨਫਰੰਸ ਦੌਰਾਨ ਸਫਲ ਲਾਈਵ ਸਰਜਰੀਆਂ ਲਈ ਯੂਰੋਲੋਜੀਕਲ ਸੋਸਾਇਟੀ ਆਫ਼ ਇੰਡੀਆ ਦੀ ਪ੍ਰਸ਼ੰਸਾ ਕੀਤੀ, ਜੋ ਕਿ ਕਲੀਨਿਕਲ ਅਭਿਆਸ ਅਤੇ ਸਿਖਲਾਈ ਵਿੱਚ ਉੱਤਮਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਾਰੇ ਨਾਗਰਿਕਾਂ ਨੂੰ ਨਸ਼ਾ ਮੁਕਤ ਪੰਜਾਬ ਲਈ ਸਮੂਹਿਕ ਤੌਰ 'ਤੇ ਯਤਨ ਕਰਨ ਦਾ ਸੱਦਾ ਦਿੱਤਾ ਅਤੇ ਨੌਜਵਾਨਾਂ ਦੀ ਰੱਖਿਆ ਅਤੇ ਪਾਲਣ-ਪੋਸ਼ਣ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਡਾਕਟਰੀ ਭਾਈਚਾਰੇ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਪੀੜ੍ਹੀਆਂ ਨੂੰ ਇੱਕ ਸਿਹਤਮੰਦ, ਮਜ਼ਬੂਤ ਭਵਿੱਖ ਸੁਰੱਖਿਅਤ ਕਰਨ ਲਈ ਗਿਆਨ, ਹੁਨਰ ਅਤੇ ਨੈਤਿਕ ਕਦਰਾਂ-ਕੀਮਤਾਂ ਪ੍ਰਦਾਨ ਕਰਨ। ਇਸ ਮੌਕੇ ਪੰਜਾਬ ਦੇ ਰਾਜਪਾਲ  ਸ੍ਰੀ ਗੁਲਾਬ ਚੰਦ ਕਟਾਰੀਆ ਨੇ ਡਾਕਟਰਾਂ ਨੂੰ ਜਿੱਥੇ ਆਪਣੀ ਡਿਊਟੀ ਸੱਚੀ ਸੇਵਾ ਭਾਵਨਾ ਨਾਲ ਨਿਭਾਉਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਵਲੋਂ ਕਰੋਨਾ ਕਾਲ ਦੌਰਾਨ ਦਿੱਤੀਆਂ ਨਿਰਵਿਘਨ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਰਾਸ਼ਟਰ ਨਿਰਮਾਣ ਲਈ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਐਨਐਸਡੀਸੀ ਦੇ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਨੇ ਸਵੈ-ਨਿਰਭਰ ਭਾਰਤ ਲਈ  ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਲਈ ਹੁਨਰ ਵਿਕਾਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਮੌਕੇ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ. ਮੀਨੂੰ ਸਿੰਘ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੇ ਵਾਈਸ ਚਾਂਸਲਰ ਪ੍ਰੋ. ਰਾਜੀਵ ਸੂਦ, ਯੂਰੋਲੋਜੀਕਲ ਸੋਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਡਾ. ਏ. ਕੇ. ਸਾਂਗਵਾਨ; ਸਕੱਤਰ ਡਾ. ਰਿਸ਼ੀ ਨਈਅਰ ਅਤੇ ਏਮਜ਼ ਬਠਿੰਡਾ ਦੇ ਡੀਨ ਅਕਾਦਮਿਕ ਡਾ. ਅਖਿਲੇਸ਼ ਪਾਠਕ ਸਮੇਤ ਉੱਘੀਆਂ ਸ਼ਖਸੀਅਤਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਪਹਿਲਾ ਪੰਜਾਬ ਦੇ ਰਾਜਪਾਲ  ਗੁਲਾਬ ਚੰਦ ਕਟਾਰੀਆ ਦਾ ਬਠਿੰਡਾ ਏਅਰਪੋਰਟ ਵਿਖੇ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਡੀਆਈਜੀ ਬਠਿੰਡਾ ਰੇਂਜ ਸ. ਹਰਜੀਤ ਸਿੰਘ ਅਤੇ ਐਸਐਸਪੀ ਮੈਡਮ ਅਮਨੀਤ ਕੌਂਡਲ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸਮਾਗਮ ਮੌਕੇ ਕਾਨਫਰੰਸ ਪ੍ਰਬੰਧਕ ਅਤੇ ਮੁਖੀ, ਯੂਰੋਲੋਜੀ ਤੇ ਕਿਡਨੀ ਟ੍ਰਾਂਸਪਲਾਂਟ ਵਿਭਾਗ, ਏਮਜ਼ ਬਠਿੰਡਾ ਡਾ. ਕੰਵਲਜੀਤ ਸਿੰਘ ਕੌੜਾ, ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਮੇਅਰ ਬਠਿੰਡਾ ਸ਼੍ਰੀ ਪਦਮਜੀਤ ਮਹਿਤਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ, ਐਸਡੀਐਮ ਬਠਿੰਡਾ ਬਲਕਰਨ ਸਿੰਘ ਮਾਹਲ, ਸਹਾਇਕ ਕਮਿਸ਼ਨਰ (ਜ) ਗਗਨਦੀਪ ਸਿੰਘ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਆਦਿ ਹਾਜ਼ਰ ਸਨ।