ਐੱਸ.ਡੀ.ਐਮ. ਨੇ ਅਜ਼ਾਦੀ ਘੁਲਾਟੀਆਂ ਦੇ ਵਾਰਸਾਂ ਦੀਆਂ ਮੁਸ਼ਕਲਾਂ ਸੁਣੀਆਂ

ਸ੍ਰੀ ਫਤਿਹਗੜ੍ਹ ਸਾਹਿਬ, 4 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ ) : ਐੱਸ.ਡੀ.ਐਮ. ਬੱਸੀ ਪਠਾਣਾਂ, ਹਰਵੀਰ ਕੌਰ ਨੇ ਉਪ ਮੰਡਲ, ਬੱਸੀ ਪਠਾਣਾਂ ਦੇ ਅਜ਼ਾਦੀ ਘੁਲਾਟੀਆਂ ਦੇ ਵਾਰਸਾਂ ਨਾਲ ਸਬ ਡਵੀਜ਼ਨ ਕੰਪਲੈਕਸ ਵਿਖੇ ਮੀਟਿੰਗ ਕਰ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ, ਜਿਸ ਸਬੰਧੀ ਅਜ਼ਾਦੀ ਘੁਲਾਟੀਆਂ ਦੇ ਵਾਰਸਾਂ ਵੱਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐਮ. ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਨਿਰਦੇਸ਼ ਦਿੱਤੇ ਗਏ ਸਨ ਕਿ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਵਾਰਸਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀ ਮੁਸ਼ਕਿਲਆਂ ਸੁਣੀਆਂ ਜਾਣ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇ, ਜਿਨ੍ਹਾਂ ਦੀ ਪਾਲਣਾ ਤਹਿਤ ਇਹ ਮੀਟਿੰਗ ਰੱਖੀ ਗਈ ਹੈ। ਐੱਸ.ਡੀ.ਐਮ. ਨੇ ਦੱਸਿਆ ਕਿ ਸਬ ਡਵੀਜ਼ਨ, ਕੰਪਲੈਕਸ ਵਿੱਚ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਵਾਰਸਾਂ ਤੋਂ ਪਾਰਕਿੰਗ ਫੀਸ ਨਾ ਲੈਣ ਸਬੰਧੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਜਿਸ 'ਤੇ ਹਾਜ਼ਰ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਵੱਲੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ। ਇਸ ਤੋਂ ਇਲਾਵਾ ਜਦੋਂ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਨੂੰ ਕਿਸੇ ਹੋਰ ਸਮੱਸਿਆ ਬਾਰੇ ਪੁੱਛਿਆ ਗਿਆ ਤਾਂ ਵੀ ਹਾਜ਼ਰ ਸਾਰੇ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਵੱਲੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ। ਐੱਸ.ਡੀ.ਐਮ. ਵੱਲੋਂ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਹੋਣ 'ਤੇ ਉਹ ਮੁਸ਼ਕਲ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਐੱਸ.ਡੀ.ਐਮ. ਤੇ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਵੱਲੋਂ ਸਬ ਡਵੀਜ਼ਨ ਕੰਪਲੈਕਸ ਵਿਖੇ ਵਾਤਾਵਰਨ ਸੰਭਾਲ ਹਿਤ ਵੱਖ ਵੱਖ ਤਰ੍ਹਾਂ ਦੇ ਬੂਟੇ ਵੀ ਲਗਵਾਏ ਗਏ।