
ਲੁਧਿਆਣਾ 11 ਫਰਵਰੀ, 2025 : ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਵਿਚ ਮੌਲੀਕਿਊਲਰ ਜੈਨੇਸਿਸਟ ਵਜੋਂ ਕੰਮ ਕਰ ਰਹੇ ਡਾ. ਸਤਿੰਦਰ ਕੌਰ ਨੂੰ ਬੀਤੇ ਦਿਨੀਂ ਪੰਜਾਬ ਅਕਾਦਮਿਕ ਆਫ ਸਾਇੰਸਜ਼ ਨੇ ਵੱਕਰੀ ਆਨਰੇਰੀ ਫੈਲਸ਼ਿਪ ਨਾਲ ਸਨਮਾਨਿਤ ਕੀਤਾ| ਇਹ ਸਨਮਾਨ ਉਹਨਾਂ ਨੂੰ 28ਵੀਂ ਪੰਜਾਬ ਵਿਗਿਆਨ ਕਾਂਗਰਸ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰਦਾਨ ਕੀਤਾ ਗਿਆ| ਜ਼ਿਕਰਯੋਗ ਹੈ ਕਿ ਅਕਾਦਮਿਕ ਹਰ ਵਰ੍ਹੇ ਦੇਸ਼-ਵਿਦੇਸ਼ ਦੇ ਪ੍ਰਸਿੱਧ ਅਤੇ ਆਪਣੇ ਖੇਤਰ ਵਿਚ ਉੱਘਾ ਕਾਰਜ ਕਰਨ ਵਾਲੇ ਵਿਗਿਆਨੀਆਂ ਨੂੰ ਆਰਜੀ ਫੈਲੋਸ਼ਿਪ ਪ੍ਰਦਾਨ ਕਰਦੀ ਹੈ| ਡਾ. ਸਤਿੰਦਰ ਕੌਰ ਨੂੰ ਇਹ ਫੈਲੋਸ਼ਿਪ ਕਣਕ ਵਿਚ ਜ਼ੀਨ ਭਿੰਨਤਾ ਲਈ ਦੇਸੀ ਕਿਸਮਾਂ ਨਾਲ ਜੈਨੇਟਿਕ ਸੰਬੰਧਾਂ ਦੀ ਸਥਾਪਤੀ ਵਜੋਂ ਖੇਤੀ ਵਿਗਿਆਨ ਦੇ ਖੇਤਰ ਵਿਚ ਪਾਏ ਯੋਗਦਾਨ ਦੇ ਇਵਜ਼ ਵਿਚ ਪ੍ਰਦਾਨ ਕੀਤੀ ਗਈ ਹੈ| ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਯੋਗੇਸ਼ ਮਿੱਤਲ ਨੇ ਡਾ. ਸਤਿੰਦਰ ਕੌਰ ਦੀਆਂ ਵਿਗਿਆਨਕ ਪ੍ਰਾਪਤੀਆਂ ਉੱਪਰ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਕਣਕ ਦੀਆਂ ਨਿੱਗਰ ਅਤੇ ਪ੍ਰਤੀਰੋਧੀ ਕਿਸਮਾਂ ਪੈਦਾ ਕਰਨ ਲਈ ਡਾ. ਸਤਿੰਦਰ ਕੌਰ ਦਾ ਕਾਰਜ ਬੇਹੱਦ ਮੂਲਵਾਨ ਅਤੇ ਅਹਿਮ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਡਾ. ਸਤਿੰਦਰ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|