ਧਨੌਲਾ, 19 ਅਪ੍ਰੇਲ : ਬਰਨਾਲਾ ਦੇ ਧਨੌਲਾ ਨੇੜੇ ਇਕ ਸਕੂਲ ਬੱਸ ਦੀ ਟੱਕਰ ਇਕ ਟਰੱਕ ਨਾਲ ਹੋ ਗਈ। ਇਸ ਹਾਦਸੇ ਵਿਚ ਬੱਸ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਇਸ ਦੌਰਾਨ 14 ਬੱਚੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਹਾਦਸੇ ਵਿਚ ਬੱਸ ਦਾ ਡਰਾਈਵਰ ਅਤੇ ਹੈਲਪਰ ਵੀ ਜ਼ਖ਼ਮੀ ਦੱਸੇ ਜਾ ਰਹੇ ਹਨ। ਜਿਸ ਤੋਂ ਬਾਅਦ ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ। ਗ੍ਰੀਨ ਫੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੀ ਸਕੂਲੀ ਬੱਸ ਦੱਸੀ ਜਾ ਰਹੀ ਹੈ। ਧਨੌਲਾ ਤੋਂ ਪਿੰਡ ਭੱਠਲ ਨੂੰ ਜਾਂਦੀ ਸੜਕ ਨੇੜੇ ਇੱਕ ਤੇਜ਼ ਰਫ਼ਤਾਰ ਸਕੂਲੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਬੱਸ ਡਰਾਈਵਰ ਅਤੇ ਮਹਿਲਾ ਹੈਲਪਰ ਸਮੇਤ ਕਰੀਬ 14 ਬੱਚੇ ਜ਼ਖ਼ਮੀ ਹੋ ਗਏ। ਇਸ ਮੌਕੇ ਗੱਲਬਾਤ ਕਰਦਿਆਂ ਬੱਸ ਡਰਾਈਵਰ ਨੇ ਦੱਸਿਆ ਕਿ ਉਹ ਗ੍ਰੀਨ ਫੀਲਡ ਸਕੂਲ ਦਾਨਗੜ੍ਹ ਦੀ ਬੱਸ ਚਲਾਉਂਦਾ ਹੈ। ਅੱਜ ਸਵੇਰੇ ਜਦੋਂ ਉਹ ਆਪਣੇ ਬੱਚਿਆਂ ਨਾਲ ਸਕੂਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਬੱਸ ਦੀ ਟੱਕਰ ਹੋ ਗਈ। ਉਸ ਨੇ ਦੱਸਿਆ ਕਿ ਸਕੂਲ ਵਿੱਚ 40 ਦੇ ਕਰੀਬ ਬੱਚੇ ਸਨ, ਪਰ ਜ਼ਖ਼ਮੀਆਂ ਬਾਰੇ ਉਸ ਨੂੰ ਕੁਝ ਨਹੀਂ ਪਤਾ। ਉਸ ਨੇ ਦੱਸਿਆ ਕਿ ਬੱਸ ਅਤੇ ਕੈਂਟਰ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਸਬੰਧੀ ਚਸ਼ਮਦੀਦ ਇੰਦਰਜੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਚੰਡੀਗੜ੍ਹ ਰੋਡ 'ਤੇ ਪਿੰਡ ਭੱਠਲ ਨੇੜੇ ਸਕੂਲ ਬੱਸ ਅਤੇ ਟਰੱਕ ਵਿਚਕਾ ਹਾਦਸਾ ਵਾਪਰ ਗਿਆ। ਉਸ ਨੇ ਦੱਸਿਆ ਕਿ ਸਕੂਲ ਬੱਸ ਦੀ ਰਫਤਾਰ ਤੇਜ਼ ਹੋਣ ਕਾਰਨ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਸਬੰਧੀ ਸਰਕਾਰੀ ਹਸਪਤਾਲ ਧਨੌਲਾ ਦੇ ਡਾਕਟਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਕਈ ਬੱਚੇ ਅਤੇ ਸਟਾਫ਼ ਮੈਂਬਰ ਹਸਪਤਾਲ ਵਿੱਚ ਦਾਖ਼ਲ ਹੋਏ। ਉਸ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ। 4 ਦੇ ਕਰੀਬ ਬੱਚਿਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰਾਈਵਰ ਬੱਸ ਨੂੰ ਲਾਪਰਵਾਹੀ ਨਾਲ ਚਲਾ ਰਿਹਾ ਸੀ। ਸਾਹਮਣੇ ਟਰੱਕ ਯੂ-ਟਰਨ ਲੈ ਰਿਹਾ ਸੀ। ਡਰਾਈਵਰ ਨੇ ਬੱਸ ਨੂੰ ਹੌਲੀ ਨਹੀਂ ਕੀਤਾ ਅਤੇ ਸਿੱਧੀ ਟਰੱਕ ਨਾਲ ਟਕਰਾ ਗਈ। ਡਰਾਈਵਰ ਬੂਟਾ ਸਿੰਘ ਖ਼ਿਲਾਫ਼ ਥਾਣਾ ਧਨੌਲਾ ਵਿੱਚ ਧਾਰਾ 283 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਬੱਸ ਦੀ ਵੀ ਜਾਂਚ ਕੀਤੀ ਜਾਵੇਗੀ। ਜੇਕਰ ਸੁਰੱਖਿਆ ਸਬੰਧੀ ਕੋਈ ਕਮੀ ਪਾਈ ਗਈ ਤਾਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।