- ਬਰਨਾਲਾ ਹਲਕੇ ‘ਚ ਹੁਣ ਤੱਕ 18 ਕਰੋੜ ਤੋਂ ਵੱਧ ਰੁਪਏ ਛੱਪੜਾਂ ਦੇ ਨਵੀਨੀਕਰਨ ਉੱਤੇ ਖਰਚੇ ਗਏ, ਮੀਤ ਹੇਅਰ
- ਪਿੰਡ ਦਾਨਗੜ੍ਹ ਵਿਖੇ ਸ਼ੈੱਡ, ਪਿੰਡ ਭੱਠਲਾਂ ਵਿਖੇ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ
ਫਰਵਾਹੀ, 18 ਫਰਵਰੀ : ਪਿੰਡ ਫਰਵਾਹੀ ਤੋਂ ਝਲੂਰ ਵਿਖੇ 7.5 ਕਿਲੋਮੀਟਰ ਸੜਕ ਦੀ ਉਸਾਰੀ ਕੀਤੀ ਜਾਵੇਗੀ ਜਿਸ ਤਹਿਤ ਇਹ ਸੜਕ 10 ਫੁੱਟ ਤੋਂ 18 ਫੁੱਟ ਚੌੜੀ ਕੀਤੀ ਜਾਵੇਗੀ। ਇਹ ਜਾਣਕਾਰੀ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪਿੰਡ ਫਰਵਾਹੀ ਵਿਖੇ 66 ਕੇ. ਵੀ. ਬਿਜਲੀ ਗਰਿੱਡ ਦਾ ਨੀਂਹ ਪੱਥਰ ਰੱਖਣ ਮੌਕੇ ਦਿੱਤੀ। ਉਨ੍ਹਾਂ ਨਾਲ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਵੀ ਮੌਜੂਦ ਸਨ। ਸ. ਮੀਤ ਹੇਅਰ ਨੇ ਦੱਸਿਆ ਕਿ ਇਸ ਸੜਕ ਸਬੰਧੀ ਕਾਗਜ਼ੀ ਕਾਰਵਾਈ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਇਹ ਕੰਮ ਸਮੇਂ ਸਰ ਨੇਪਰੇ ਚਾੜ੍ਹਿਆ ਜਾ ਸਕੇ। ਸ. ਮੀਤ ਹੇਅਰ ਨੇ ਪਿੰਡ ਭੱਠਲਾਂ ਵਿਖੇ ਛੱਪੜ ਦੇ ਨਵੀਨੀਕਰਨ ਸਬੰਧੀ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਬਰਨਾਲਾ ਹਲਕੇ ਦੇ ਹਰ ਇੱਕ ਪਿੰਡ ਵਿਚ ਛੱਪੜ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਗੰਦੇ ਅਤੇ ਬਦਬੂਦਾਰ ਪਾਣੀ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਹਰ ਇਕ ਛੱਪੜ ਦੇ ਨਵੀਨੀਕਰਨ ਲਈ 70 ਤੋਂ 80 ਲੱਖ ਰੁਪਏ ਖਰਚ ਕੀਤੇ ਜਾਂਦੇ ਹਨ ਅਤੇ ਹੁਣ ਤੱਕ ਬਰਨਾਲਾ ਹਲਕੇ ‘ਚ 18 ਕਰੋੜ ਰੁਪਏ ਇਸ ਕੰਮ ਉੱਤੇ ਖਰਚ ਕੀਤੇ ਜਾ ਚੁਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੁੱਲ 234 ਕਰੋੜ ਰੁਪਏ ਹੁਣ ਤੱਕ ਵਾਤਾਵਰਣ ਵਿਕਾਸ ਲਈ ਜਾਰੀ ਕੀਤੇ ਗਏ ਹਨ ਜਿਸ ਵਿਚੋਂ ਕੇਵਲ ਬਰਨਾਲਾ ਨੂੰ 95 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਜ਼ਿਲ੍ਹਾ ਬਰਨਾਲਾ ‘ਚ ਵਾਤਾਵਰਣ ਸਬੰਧੀ ਕੰਮ ਜਿਵੇਂ ਕਿ ਪਾਰਕਾਂ ਦਾ ਸੁੰਦਰੀਕਰਨ, ਉਸਾਰੀ ਅਤੇ ਪੌਦੇ ਲਗਾਉਣ ਸਬੰਧੀ ਕੰਮ ਜੰਗੀ ਪੱਧਰ ਉੱਤੇ ਕੀਤੇ ਜਾਣਗੇ । ਸ. ਮੀਤ ਹੇਅਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ‘ਚ 150 ਕਰੋੜ ਰੁਪਏ ਤੋਂ ਵੱਧ ਦੇ ਕੰਮ ਨਹਿਰੀ ਵਿਭਾਗ ਵੱਲੋਂ ਕੀਤੇ ਗਏ ਨੇ ਜਿਸ ਤਹਿਤ ਕਿਸਾਨਾਂ ਨੂੰ ਨਹਿਰੀ ਪਾਣੀ ਮੋਘਿਆਂ ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ । "ਬਰਨਾਲਾ ਦੇ ਪਿੰਡਾਂ ਨੂੰ ਪਿਛਲੇ ਕਈ ਸਾਲਾਂ ਤੋਂ ਨਹਿਰੀ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿੰਡਾਂ ‘ਚ ਨਹਿਰੀ ਮੋਘੇ ਨਾ ਹੋਣ ਕਾਰਣ ਕਿਸਾਨਾਂ ਨੂੰ ਫ਼ਸਲਾਂ ਦੀ ਕਾਸ਼ਤ ਸਬੰਦੀ ਪਰੇਸ਼ਾਨੀਆਂ ਆਉਂਦੀਆਂ ਸਨ। ਹੁਣ ਮੋਘੇ ਬਣ ਜਾਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲੀ ਹੈ।