- ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਨਵੰਬਰ
ਬਰਨਾਲਾ, 23 ਨਵੰਬਰ : ਫ਼ਰਾਂਸ ਦੇ ਸ਼ਹਿਰ ਲਿਓਨ ਵਿੱਚ ਕਰਵਾਏ ਜਾ ਰਹੇ 47ਵੇਂ ਵਿਸ਼ਵ ਹੁਨਰ ਮੁਕਾਬਲਿਆਂ 2024 ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸਤਵੰਤ ਸਿੰਘ ਜੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਆਈ.ਟੀ.ਆਈ, ਪਾਲੀਟੈਕਨਿਕ, ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਮੀਟਿੰਗ ਵਿੱਚ ਹਾਜ਼ਰ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਪੀ.ਪੀ.ਟੀ. ਰਾਹੀਂ ਅੰਤਰ ਰਾਸ਼ਟਰੀ ਪੱਧਰ ਦੇ ਹੋਣ ਵਾਲੇ ਇਹਨਾਂ ਮੁਕਾਬਲਿਆਂ ਦੀਆਂ ਯੋਗਤਾਵਾਂ ਅਤੇ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸਤਵੰਤ ਸਿੰਘ ਨੇ ਕਿਹਾ ਕਿ ਆਪਣੇ ਦੇਸ਼ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ। ਲੇਕਿਨ ਪ੍ਰਤਿਭਾਸ਼ਾਲੀ ਲੋਕਾਂ ਨੂੰ ਆਪਣੇ ਹੁਨਰ ਨੂੰ ਦਿਖਾਉਣ ਦਾ ਸਹੀ ਮੌਕਾ ਜਾਂ ਰਸਤਾ ਨਹੀਂ ਮਿਲਦਾ ਜਿਸ ਕਾਰਨ ਉਨ੍ਹਾਂ ਦਾ ਹੁਨਰ ਉਨ੍ਹਾਂ ਤੱਕ ਹੀ ਸੀਮਿਤ ਰਹਿ ਜਾਂਦਾ ਹੈ। ਉਨ੍ਹਾਂ ਮੀਟਿੰਗ ਵਿੱਚ ਆਏ ਮੈਂਬਰਾਂ ਨੂੰ ਅਪੀਲ ਕੀਤੀ ਕਿ ਅਧਿਆਪਕ ਵੀ ਬੱਚਿਆਂ ਲਈ ਮਾਪਿਆਂ ਵਾਂਗ ਹੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣਾ ਉਨ੍ਹਾਂ ਦਾ ਫਰਜ਼ ਬਣਦਾ ਹੈ।ਇਸ ਲਈ ਇਸ ਲਈ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਆਪਣਾ ਹੁਨਰ ਦਿਖਾਉਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀ ਵਿਸ਼ਵ ਹੁਨਰ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਕਰਵਾਉਣ। ਬਲਾਕ ਮਿਸ਼ਨ ਮੈਨੇਜਰ, ਸ਼੍ਰੀ ਕੰਵਲਦੀਪ ਵਰਮਾ ਨੇ ਦੱਸਿਆ ਕਿ ਇਹ ਮੁਕਾਬਲੇ 4 ਪਧੱਰਾਂ ਜ਼ਿਲ੍ਹਾ, ਸੂਬਾ, ਖੇਤਰੀ ਅਤੇ ਰਾਸ਼ਟਰੀ ਪੱਧਰ ਤੇ ਆਯੋਜਿਤ ਕੀਤੇ ਜਾਣੇ ਹਨ ਅਤੇ ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਜਿਸਦੀ ਆਖਰੀ ਮਿਤੀ 30 ਨਵੰਬਰ 2023 ਹੈ। ਹੁਨਰ ਮੁਕਾਬਲਿਆਂ ਦਾ ਉਦੇਸ਼ ਹੁਨਰਮੰਦ ਨੌਜਵਾਨਾਂ ਦੀ ਸਕਰੀਨਿੰਗ ਕਰਕੇ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਹੁਨਰ ਮੁਕਾਬਲੇ ਕਰਵਾਉਣੇ ਹਨ। ਰਾਸ਼ਟਰੀ ਪੱਧਰ ਤੇ ਜੇਤੂ ਉਮੀਦਵਾਰ ਫਰਾਂਸ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ।ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਬਰਨਾਲਾ ਦੇ ਸਾਰੇ ਆਈ.ਟੀ.ਆਈ, ਪਾਲੀਟੈਕਨਿਕ, ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ ਅਤੇ ਉਦਯੋਗਾਂ ਦੇ ਨੌਜਵਾਨਾਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ। ਭਾਰਤ ਡਿਜੀਟਲ ਪੋਰਟਲ https://www.skillindiadigital.gov.in/home ’ਤੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ ਤਾਂ ਜੋ ਉਨ੍ਹਾਂ ਦੇ ਹੁਨਰ ਨੂੰ ਵਿਸ਼ਵ ਹੁਨਰ ਮੁਕਾਬਲਿਆਂ ਵਿੱਚ ਮਾਨਤਾ ਮਿਲ ਸਕੇ। ਇਹ ਮੁਕਾਬਲੇ ਕੁੱਲ 61 ਟਰੇਡਾਂ ਲਈ ਕਰਵਾਏ ਜਾਣੇ ਹਨ। ਇਹਨਾਂ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਮੀਦਵਾਰਾਂ ਦਾ ਜਨਮ 1 ਜਨਵਰੀ 2002 ਨੂੰ ਜਾਂ ਇਸ ਤੋਂ ਬਾਅਦ ਹੋਣਾ ਚਾਹੀਦਾ ਹੈ, ਪਰ ਏਅਰਕ੍ਰਾਫਟ ਮੇਨਟੀਨੈਂਸ, ਮੈਨੂਫੈਕਚਰਿੰਗ ਟੀਮ ਚੈਲੇਂਜ ਅਤੇ ਮੈਕਟ੍ਰੋਨਿਕਸ, ਕਲਾਊਡ ਕੰਪਿਊਟਿੰਗ, ਸਾਇਬਰ ਸੁਰੱਖਿਆ, ਵਾਟਰ ਟੈਕਨਾਲੋਜੀ ਅਤੇ ਆਈ.ਟੀ. ਵਿੱਚ ਨੈਂਟਵਰਕ ਕੇਬਲਿੰਗ ਅਤੇ ਹੋਰ ਸਕਿੱਲ ਲਈ ਉਮੀਦਵਾਰਾਂ ਦਾ ਜਨਮ 1 ਜਨਵਰੀ 1999 ਨੂੰ ਜਾਂ ਇਸ ਤੋਂ ਬਾਅਦ ਹੋਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫਤਰ, ਦੂਜੀ ਮਜਿੰਲ, ਡੀ.ਸੀ. ਦਫਤਰ ਵਿਖੇ ਆ ਕੇ ਸੰਪਰਕ ਕੀਤਾ ਜਾ ਸਕਦਾ ਹੈ।