- ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਵੱਲੋਂ ਮੇਜਰ ਰਮਨ ਮਲਹੋਤਰਾ ਦੀ ਅਗਵਾਈ ਹੇਠ ਨਸ਼ਿਆਂ ਤੇ ਭ੍ਰਿਸ਼ਟਾਚਾਰ 'ਤੇ ਜ਼ਿਲ੍ਹਾ ਪੱਧਰੀ ਸੈਮੀਨਾਰ
- ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਨਸ਼ਾ ਕਰਨ ਵਾਲਿਆਂ ਨੂੰ ਨਸ਼ੇੜੀ ਨਾ ਸਮਝਕੇ ਉਨ੍ਹਾਂ ਦੀ ਬਿਮਾਰੀ ਨੂੰ ਠੀਕ ਕਰਨ ਵੱਲ ਸੇਧਿਤ ਹੋਣ ਦੀ ਕੀਤੀ ਸ਼ਲਾਘਾ
ਪਟਿਆਲਾ, 25 ਅਗਸਤ 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਾਕਿਸਤਾਨ ਸਮੇਤ ਦੂਜੇ ਸੂਬਿਆਂ ਤੋਂ ਆਉਂਦਾ ਨਸ਼ਾ ਅਤੇ ਭ੍ਰਿਸ਼ਟਾਚਾਰ ਪੰਜਾਬ ਲਈ ਵੱਡਾ ਦੁਖ਼ਾਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਗੰਭੀਰ ਉਪਰਾਲੇ ਕਰ ਰਹੀ ਹੈ। ਡਾ. ਬਲਬੀਰ ਸਿੰਘ ਅੱਜ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਸੂਬਾ ਪ੍ਰਧਾਨ ਮੇਜਰ ਰਮਨ ਮਲਹੋਤਰਾ ਦੀ ਅਗਵਾਈ ਹੇਠ ਇੱਥੇ ਪ੍ਰਭਾਤ ਪ੍ਰਵਾਨਾ ਹਾਲ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੰਭੀਰ ਹਨ, ਇਸ ਲਈ ਲੋਕ ਸਰਕਾਰ ਦਾ ਸਾਥ ਦੇਣ ਤਾਂ ਉਨ੍ਹਾਂ ਨੂੰ ਇੱਕ ਨਵਾਂ ਨਰੋਆ ਸਿਸਟਮ ਪ੍ਰਦਾਨ ਕੀਤਾ ਜਾਵੇਗਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਜ ਦਾ ਚੇਤੰਨ ਵਰਗ ਤੇ ਖਾਸ ਕਰਕੇ ਬੁੱਧੀਜੀਵੀ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੀ ਗੰਭੀਰ ਬਿਮਾਰੀ ਦੇ ਹੱਲ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਵੇ ਤਾਂ ਕਿ ਇਨ੍ਹਾਂ ਦੋਵਾਂ ਬਿਮਾਰੀਆਂ ਦੀ ਮੰਗ ਨੂੰ ਹੀ ਮੁੱਢੋਂ ਖ਼ਤਮ ਕੀਤਾ ਜਾ ਸਕੇ ਤਾਂ ਸਪਲਾਈ ਆਪਣੇ ਆਪ ਬੰਦ ਹੋ ਜਾਵੇਗੀ। ਉਨ੍ਹਾਂ ਨਸ਼ਿਆਂ ਦੀ ਸਮੱਸਿਆ ਦੇ ਹੱਲ ਲਈ ਬੁੱਧੀਜੀਵੀ ਤੇ ਅਧਿਆਪਕ ਵਰਗ ਨੂੰ ਪੁਲਿਸ ਤੇ ਸਿਹਤ ਵਿਭਾਗ ਦਾ ਸਾਥ ਦੇਣ ਦਾ ਵੀ ਸੱਦਾ ਦਿੰਦਿਆਂ ਕਿਹਾ ਕਿ ਅਜਿਹੇ ਸੈਮੀਨਾਰਾਂ ਦੀ ਸਮਾਜ ਵਿੱਚ ਬਹੁਤ ਸਾਰਥਕਤਾ ਹੈ। ਸੈਮੀਨਾਰ ਦੀ ਪ੍ਰਧਾਨਗੀ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਰਦਿਆਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੀ ਰੋਕਥਾਮ ਬਾਰੇ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਗੱਲ ਕਰਨ ਦੇ ਨਾਲ-ਨਾਲ ਇਸ ਸੁਚੱਜੇ ਉਪਰਾਲੇ ਲਈ ਮੇਜਰ ਆਰ ਪੀਐਸ ਮਲਹੋਤਰਾ ਨੂੰ ਵਧਾਈ ਦਿੱਤੀ। ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਸੂਬਾ ਪ੍ਰਧਾਨ ਮੇਜਰ ਰਮਨ ਮਲਹੋਤਰਾ ਨੇ ਸਿਹਤ ਮੰਤਰੀ ਸਮੇਤ ਸਭ ਦਾ ਸਵਾਗਤ ਕਰਦਿਆਂ ਦੱਸਿਆ ਕਿ ਪਾਰਟੀ ਵੱਲੋਂ ਸੂਬੇ ਵਿੱਚ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਰਮਨ ਮਲਹੋਤਰਾ ਨੇ ਦੱਸਿਆ ਕਿ ਆਪ ਦੇ ਬੁੱਧੀਜੀਵੀ ਵਿੰਗ ਵੱਲੋਂ ਸਾਰੇ ਪੰਜਾਬ ਵਿੱਚ ਅਜਿਹੇ ਸੈਮੀਨਾਰ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਸੈਮੀਨਾਰ ਦਾ ਮੰਚ ਸੰਚਾਲਨ ਡਾ ਹਰਨੇਕ ਸਿੰਘ ਢੋਟ ਨੇ ਕੀਤਾ ਅਤੇ ਜਗਦੇਵ ਸਿੰਘ ਢੀਂਡਸਾ ਨੇ ਧੰਨਵਾਦ ਕੀਤਾ। ਸੈਮੀਨਾਰ ਮੌਕੇ ਵਰਲਡ ਪੰਜਾਬੀ ਸੈਂਟਰ ਦੇ ਚੇਅਰਮੈਨ ਡਾ. ਭੀਮਇੰਦਰ ਸਿੰਘ, ਸਾਬਕਾ ਡੀ.ਆਈ.ਜੀ. ਗੁਰਪ੍ਰੀਤ ਸਿੰਘ ਤੂਰ, ਡਿਪਟੀ ਡਾਇਰੈਕਟਰ ਰੋਜ਼ਗਾਰ ਤੇ ਕਾਰੋਬਾਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ, ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਪ੍ਰੋ. ਅਭਿਨੰਦਨ ਬਸੀ, ਮੈਡਮ ਸਤਿੰਦਰ ਪਾਲ ਕੌਰ ਵਾਲੀਆ, ਪੰਜਾਬੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਮੁਖੀ ਡਾ ਭੁਪਿੰਦਰ ਸਿੰਘ ਵਿਰਕ, ਪ੍ਰੋ ਹਰਜਿੰਦਰ ਪਾਲ ਸਿੰਘ ਵਾਲੀਆ, ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ, ਮੋਹਨ ਸ਼ਰਮਾ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪੰਜਾਬ ਵਿੱਚ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਕਾਰਨਾਂ ਤੇ ਹੱਲ ਉਪਰ ਗੰਭੀਰ ਚਿੰਤਨ ਕੀਤਾ। ਸਾਰੇ ਬੁਲਾਰਿਆਂ ਨੇ ਨਸ਼ੇ ਦੇ ਮੁੱਖ ਕਾਰਣਾਂ ਵਿੱਚ ਬੱਚਿਆਂ ਨਾਲ ਸਮਾਂ ਨਾ ਬਿਤਾਉਣਾ, ਪ੍ਰਾਈਵੇਟ ਬੰਦਰਗਾਹਾਂ, ਹਲਕੇ ਅਤੇ ਘੱਟ ਨੁਕਸਾਨਦੇਹ ਨਸ਼ਿਆਂ ਨੂੰ ਵੀ ਗ਼ੈਰ-ਕਾਨੂੰਨੀ ਕਰਾਰ ਦਿੱਤਾ ਜਾਣਾ ਆਦਿ ਸ਼ਾਮਲ ਸਨ। ਭ੍ਰਿਸ਼ਟਾਚਾਰ ਦੇ ਮੁੱਖ ਕਾਰਨਾਂ ਵਿੱਚ ਬੇਈਮਾਨ ਨੇਤਾ, ਰਿਸ਼ਵਤ ਨਾਲ ਦਿੱਤੀਆਂ ਨੌਕਰੀਆਂ, ਸਮਾਜਕ ਸੁਰੱਖਿਆ (ਪੈਨਸ਼ਨਾਂ) ਦੀ ਕਮੀ,ਫਾਸਟ ਟ੍ਰੈਕ ਕੋਰਟਾਂ ਦੀ ਕਮੀ ਆਦਿ ਗਿਣੇ ਗਏ। ਬੁਲਾਰਿਆਂ ਨੇ ਭ੍ਰਿਸ਼ਟਾਚਾਰ ਦੇ ਹੱਲ ਲਈ ਫ਼ੌਜੀ ਅਫ਼ਸਰਾਂ ਦੀ ਭਰਤੀ ਦੀ ਤਰ੍ਹਾਂ ਮਨੋਵਿਗਿਆਨਿਕ ਟੈਸਟ, ਪੂਰੇ ਸਰਕਾਰੀ ਤੰਤਰ ਦੀ ਹਰ ਦੋ ਤੋਂ ਤਿੰਨ ਸਾਲ ਬਾਅਦ ਜਿਲ੍ਹੇ ਤੋਂ ਬਾਹਰ ਬਦਲੀ, ਸਰਕਾਰੀ ਮੁਲਾਜ਼ਮਾਂ ਦੀ ਇੰਟੈਲੀਜੈਂਸ ਪ੍ਰੋਫਾਈਲਿੰਗ, ਐਥਿਕਸ ਕਮਿਸ਼ਨ, ਸਵਤੰਤਰ ਜਾਂਚ ਤੰਤਰ, ਸਕੂਲਾਂ ਅਤੇ ਕਾਲਜਾਂ ਵਿੱਚ ਕਦਰਾਂ-ਕੀਮਤਾਂ ਦਾ ਵਿਸ਼ਾ, ਸੱਭ ਨਾਗਰਿਕਾਂ ਲਈ ਸਮਾਜਿਕ ਸੁਰੱਖਿਆ ਪੈਨਸ਼ਨਾਂ, ਹਰ ਪੱਧਰ ‘ਤੇ ਐਮ ਪੀ/ ਐਮ ਐਲ ਏ ਦੀ ਅਗਵਾਈ ਵਿੱਚ ਨਾਗਰਿਕ ਕਮੇਟੀਆਂ, ਆਦਿ ਸ਼ਾਮਿਲ ਸਨ। ਬੁਲਾਰਿਆਂ ਨੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਮੌਜੂਦਾ ਸਰਕਾਰ ਦੀ ਇਸ ਪੱਖੋਂ ਸ਼ਲਾਘਾ ਕੀਤੀ ਕਿ ਜਿੱਥੇ ਭ੍ਰਿਸ਼ਟਾਚਾਰ ਨੂੰ ਕਰੜੇ ਹੱਥੀ ਲੈ ਰਹੀ ਹੈ, ਉਥੇ ਹੀ ਸਰਕਾਰ ਨਸ਼ਾ ਕਰਨ ਵਾਲਿਆਂ ਨੂੰ ਨਸ਼ੇੜੀ ਨਾ ਸਮਝਕੇ ਉਨ੍ਹਾਂ ਦੀ ਇਸ ਬਿਮਾਰੀ ਨੂੰ ਠੀਕ ਕਰਨ ਵੱਲ ਸੇਧਿਤ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ, ਆਪ ਦੇ ਸੂਬਾ ਸੰਯੁਕਤ ਸਕੱਤਰ ਜਰਨੈਲ ਮੰਨੂ, ਸੂਬਾ ਆਗੂ ਜਗਦੀਪ ਸਿੰਘ ਜੱਗਾ, ਕਰਨਲ ਜੇ.ਵੀ. ਸਿੰਘ, ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਅੰਗਰੇਜ ਸਿੰਘ ਰਾਮਗੜ੍ਹ, ਡਾ. ਸੁਰਜੀਤ ਖੁਰਮਾ, ਐਡਵੋਕੇਟ ਐਨ.ਪੀ. ਸਿੰਘ, ਗੱਜਣ ਸਿੰਘ, ਰਾਜਬੰਸ ਸਿੰਘ, ਬਲਵਿੰਦਰ ਸਿੰਘ, ਜਗਦੇਵ ਸਿੰਘ ਢੀਂਡਸਾ, ਮਨਜੀਤ ਸਿੰਘ ਧਨੋਆ, ਪਾਲ ਸਿੰਘ ਸੈਣੀ, ਗੁਰਬਚਨ ਸਿੰਘ, ਜੀ ਐਸ਼ ਦੱਤ, ਸੁਰਿੰਦਰ ਸਿੰਘ ਕਬੋਤਰਾ, ਸਤੇ ਸਿੰਘ, ਜਗਤਾਰ ਸਿੰਘ, ਸੁਰਿੰਦਰ ਸ਼ਰਮਾ, ਐਮ ਪੀ ਸਿੰਘ, ਜਸਵਿੰਦਰ ਕੁਮਾਰ, ਜਨਕ ਰਾਜ, ਪਵਨ ਕੁਮਾਰ, ਪ੍ਰਕਾਸ਼ ਸਿੰਘ, ਦਿਲਬਾਗ ਸਿੰਘ, ਗੁਰਵਿੰਦਰ ਸ਼ਰਮਾ, ਬਲਦੇਵ ਸਿੰਘ ਹਾਜੀਮਾਜਰਾ ਤੇ ਰਾਜ ਕੁਮਾਰ ਮਿਠਾਰੀਆ ਤੋਂ ਇਲਾਵਾ ਹੋਰ ਬੁੱਧੀਜਵੀ ਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਸੈਮੀਨਾਰ ਦੌਰਾਨ ਸਮਾਜ ਸੇਵੀ ਪਰਮਿੰਦਰ ਭਲਵਾਨ ਅਤੇ ਜਤਵਿੰਦਰ ਗਰੇਵਾਲ ਨੇ ਨਸ਼ਿਆਂ ਵਿਰੁੱਧ ਲਿਟਰੇਚਰ ਤਕਸੀਮ ਕੀਤਾ।