- ਜ਼ਿਲ੍ਹਾ ਹਸਪਤਾਲ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹੈ ਕ੍ਰਿਟੀਕਲ ਕੇਅਰ ਯੂਨਿਟ
- ਹਰੇਕ ਤਰ੍ਹਾਂ ਦੇ ਅਤਿ ਆਧੁਨਿਕ ਤਕਨੀਕਾਂ ਨਾਲ ਟੈਸਟ ਕਰਨ ਲਈ 1.25 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ ਇੰਟਾਗਰੇਟਿਡ ਪਬਲਿਕ ਹੈਲਥ ਲੈਬ
- 50 ਬਿਸਤਰਿਆਂ ਦੇ ਕ੍ਰਿਟੀਕਲ ਕੇਅਰ ਯੂਨਿਟ ਵਿੱਚ ਅਤਿ ਗੰਭੀਰ ਸਥਿਤੀ ਦੇ ਮਰੀਜਾਂ ਦਾ ਕੀਤਾ ਜਾਵੇਗਾ ਇਲਾਜ
- ਜ਼ਿਲ੍ਹੇ ਦੇ ਲੋਕਾਂ ਨੂੰ ਟੈਸਟਾਂ ਲਈ ਹੁਣ ਨਹੀਂ ਜਾਣਾ ਪਵੇਗਾ ਚੰਡੀਗੜ੍ਹ ਪੀ.ਜੀ.ਆਈ. ਜਾਂ ਹੋਰ ਮੈਡੀਕਲ ਕਾਲਜਾਂ ਵਿੱਚ
ਫ਼ਤਹਿਗੜ੍ਹ ਸਾਹਿਬ, 19 ਅਗਸਤ 2024 : ਜਦੋਂ ਤੋਂ ਸੂਬੇ ਅੰਦਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਸਿਹਤ ਦੇ ਖੇਤਰ ਵਿੱਚ ਕਈ ਕ੍ਰਾਂਤੀਕਾਰੀ ਫੈਸਲੇ ਲਾਗੂ ਕੀਤੇ ਗਏ ਹਨ ਜਿਨ੍ਹਾਂ ਵਿੱਚ ਆਮ ਆਦਮੀ ਕਲੀਨਿਕ ਖੋਲਣਾ, ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਮੁਫਤ ਦਵਾਈਆਂ ਦੇਣੀਆਂ ਤੇ ਮੁਫਤ ਇਲਾਜ ਤੇ ਟੈਸਟ ਕਰਾਉਣ ਦੀ ਸਹੂਲਤ ਅਜਿਹੀਆਂ ਸਹੂਲਤਾਂ ਹਨ ਜਿਨ੍ਹਾਂ ਲਈ ਪਹਿਲਾਂ ਆਮ ਲੋਕਾਂ ਨੂੰ ਪੈਸੇ ਖਰਚਣੇ ਪੈਂਦੇ ਸਨ ਅਤੇ ਕਈ ਗਰੀਬ ਵਿਅਕਤੀ ਤਾਂ ਮਹਿੰਗੇ ਟੈਸਟ ਕਰਵਾਉਣ ਜਾਂ ਦਵਾਈਆਂ ਖਰੀਦਣ ਦੇ ਸਮਰੱਥ ਵੀ ਨਹੀਂ ਹੁੰਦੇ ਸਨ। ਪ੍ਰੰਤੂ ਹੁਣ ਜਿਥੇ ਸਰਕਾਰੀ ਹਸਪਤਾਲਾਂ ਅੰਦਰ ਆਮ ਨਾਗਰਿਕਾਂ ਨੂੰ ਦਵਾਈਆਂ ਤੇ ਲੈਬ ਟੈਸਟ ਮੁਫਤ ਵਿੱਚ ਮਿਲ ਰਹੇ ਹਨ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਗੱਲਬਾਤ ਕਰਦਿਆਂ ਕੀਤਾ। ਸ਼੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਸਰਕਾਰ ਵੱਲੋਂ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਦੇ ਵਸਨੀਕਾਂ ਨੂੰ ਛੇਤੀ ਹੀ ਸਿਹਤ ਦੇ ਖੇਤਰ ਵਿੱਚ ਇੱਕ ਅਜਿਹਾ ਤੋਹਫਾ ਦਿੱਤਾ ਜਾ ਰਿਹਾ ਹੈ ਜਿਸ ਨਾਲ ਅਤਿ ਗੰਭੀਰ ਸਥਿਤੀ ਵਿੱਚ ਪਹੁੰਚੇ ਮਰੀਜਾਂ ਦਾ ਮੁਫਤ ਇਲਾਜ ਤੇ ਹਾਈ ਟੈੱਕ ਲੈਬ ਰਾਹੀਂ ਮੁਫਤ ਟੈਸਟ ਵੀ ਮੁਹੱਈਆ ਹੋਣਗੇ। ਉਨ੍ਹਾਂ ਦੱਸਿਆ ਕਿ ਛੇਤੀ ਹੀ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਅੰਦਰ 15 ਕਰੋੜ ਰੁਪਏ ਦੀ ਲਾਗਤ ਨਾਲ ਕ੍ਰਿਟੀਕਲ ਕੇਅਰ ਯੂਨਿਟ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਧੁਨਿਕ ਤਕਨੀਕਾਂ ਨਾਲ ਲੈੱਸ ਇੰਟਾਗਰੇਟਿਡ ਪਬਲਿਕ ਹੈਲਥ ਲੈਬ ਤੇ ਵੀ 1.25 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕ੍ਰਿਟੀਕਲ ਕੇਅਰ ਯੂਨਿਟ ਤੇ ਇੰਟਾਗ੍ਰੇਟਿਡ ਪਬਲਿਕ ਹੈਲਥ ਲੈਬ ਦੀ ਇਮਾਰਤ ਦਾ ਨਿਰਮਾਣ ਕਰਨ ਲਈ ਸਰਕਾਰ ਵੱਲੋਂ ਲੋਕ ਨਿਰਮਾਣ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ ਅਤੇ ਲੋੜੀਂਦੇ ਫੰਡ ਵੀ ਸਰਕਾਰ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 50 ਬਿਸਤਰਿਆਂ ਦੇ ਕ੍ਰਿਟੀਕਲ ਕੇਅਰ ਯੂਨਿਟ ਵਿੱਚ ਆਈ.ਸੀ.ਯੂ., ਡਾਇਲਾਸਿਸ ਯੁਨਿਟ ਤੇ ਲੇਬਰ ਰੂਮ ਬਣਾਇਆ ਜਾਵੇਗਾ। ਇਸ ਯੂਨਿਟ ਵਿੱਚ ਮਰੀਜਾਂ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਇਲਾਜ ਦੀ ਸਹੂਲਤ ਮਿਲੇਗੀ ਅਤੇ ਪਹਿਲਾਂ ਜਿਹੜੇ ਟੈਸਟਾਂ ਲਈ ਚੰਡੀਗੜ੍ਹ ਦੀ ਪੀ.ਜੀ.ਆਈ. ਜਾਂ ਨੇੜਲੇ ਮੈਡੀਕਲ ਕਾਲਜਾਂ ਵਿੱਚ ਜਾਣਾ ਪੈਂਦਾ ਸੀ, ਉਹ ਟੈਸਟ ਹੁਣ ਉੱਚ ਦਰਜ਼ੇ ਦੀ ਇੰਟਾਗਰੇਟਿਡ ਪਬਲਿਕ ਹੈਲਥ ਲੈਬ ਵਿੱਚ ਹੀ ਕੀਤੇ ਜਾਣਗੇ ਤੇ ਮਰੀਜਾਂ ਨੂੰ ਬਾਹਰ ਜਾਣ ਦੀ ਜਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਕ੍ਰਿਟੀਕਲ ਕੇਅਰ ਯੂਨਿਟ ਦੀ ਇੱਕੋ ਛੱਤ ਹੇਠ ਮਰੀਜਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਕ੍ਰਿਟੀਕਲ ਕੇਅਰ ਯੂਨਿਟ ਦੇ ਬਨਣ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਅਤੇ ਕਿਸੇ ਵੀ ਗੰਭੀਰ ਬਿਮਾਰੀ ਦੇ ਸ਼ਿਕਾਰ ਵਿਅਕਤੀਆਂ ਦਾ ਜ਼ਿਲ੍ਹੇ ਵਿੱਚ ਹੀ ਇਲਾਜ ਹੋ ਸਕੇਗਾ।