ਸੁਨਾਮ : ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਲੱਗੀ ਹੋਈ ਹੈ। ਪੰਜਾਬ ਦੇ ਹਰ ਵਿਦਿਆਰਥੀ ਨੂੰ ਮਿਆਰੀ ਅਤੇ ਬਿਹਤਰੀਨ ਸਿੱਖਿਆ ਮੁਹੱਈਆ ਕਰਵਾਉਣਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਹਿਮ ਟੀਚਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਪਿੰਡ ਸ਼ਾਹਪੁਰ ਕਲਾਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੂਟਿੰਗ ਰੇਂਜ, ਕਲਾਸ ਰੂਮ ਦੇ ਉਦਘਾਟਨ ਅਤੇ ਸਰਕਾਰੀ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਵਿੱਚ ਤਕਰੀਬਨ 21 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਕਮਰਿਆਂ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਚੰਗੀ ਸਿੱਖਿਆ ਪ੍ਰਣਾਲੀ ਵਿਕਸਿਤ ਕਰਨ ਦੇ ਨਾਲ ਨਾਲ ਵਿਦਿਆਰਥੀ ਅਤੇ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਪੰਜਾਬ ਨੂੰ ਖੇਡ ਖੇਤਰ ਵਿੱਚ ਮੁੜ ਮੋਹਰੀ ਸੂਬਾ ਬਣਾਇਆ ਜਾ ਸਕੇ। ਇਸ ਮੌਕੇ ਕੈਬਨਿਟ ਮੰਤਰੀ ਨੇ ਸਕੂਲ ਵਿੱਚ ਬਣਾਈ ਸੂਟਿੰਗ ਰੇਂਜ ਪ੍ਰਤੀ ਸਕੂਲ ਸਟਾਫ ਅਤੇ ਪਿੰਡ ਨਿਵਾਸੀਆਂ ਦੇ ਹਾਂ ਪੱਖੀ ਯਤਨਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਸੂਟਿੰਗ ਰੇਂਜ ਦੇ ਬਣਨ ਨਾਲ ਜਿੱਥੇ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਖੇਡ ਪ੍ਰਤਿਭਾ ਨੂੰ ਤਰਾਸ਼ਣ ਵਿੱਚ ਮਦਦ ਮਿਲੇਗੀ ਉੱਥੇ ਇੱਥੋਂ ਅਭਿਆਸ ਕਰਕੇ ਚੰਗੇ ਵਿਦਿਆਰਥੀਆਂ ਦੇ ਨਾਲ ਨਾਲ ਨਿਸ਼ਾਨੇਬਾਜ਼ੀ ਦੇ ਚੰਗੇ ਖਿਡਾਰੀ ਵੀ ਪੈਦਾ ਹੋਣਗੇ। ਇਸ ਮੌਕੇ ਤਕਰੀਬਨ 21 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਵਿੱਚ ਬਣਨ ਵਾਲੇ ਨਵੇਂ ਕਮਰਿਆਂ ਅਤੇ ਸਕੂਲ ਸਟੇਜ ਦਾ ਨੀਂਹ ਪੱਥਰ ਰੱਖਣ ਸਮੇਂ ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਉਹ ਯੋਜਨਾਬੱਧ ਤਰੀਕੇ ਨਾਲ ਲੱਗੇ ਹੋਏ ਹਨ ਅਤੇ ਸ਼ਹੀਦ ਊਧਮ ਸਿੰਘ ਵਾਲਾ ਸੁਨਾਮ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਅਧਿਕਾਰਤ ਪੰਚ ਰਾਜਜਿੰਦਰ ਕੌਰ, ਪੰਚਾਇਤ ਸੈਕਟਰੀ ਕਰਮਜੀਤ ਸਿੰਘ ਸੋਹੀ, ਪੰਚ ਬੰਤ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਗੁਰਮੀਤ ਸਿੰਘ, ਪੰਚ ਹਰਜੀਤ ਸਿੰਘ, ਪੰਚ ਬਿੰਦਰ ਸਿੰਘ, ਮਲਕੀਤ ਸਿੰਘ ਬਲਾਕ ਪ੍ਰਧਾਨ ਚੀਮਾ, ਗੁਰਪ੍ਰੀਤ ਸਿੰਘ ਜੇ ਈ, ਪ੍ਰਿੰਸੀਪਲ ਅੰਮ੍ਰਿਤਪਾਲ ਸਿੱਧੂ, ਪ੍ਰਿੰਸੀਪਲ ਨਰਿੰਦਰ ਸ਼ਰਮਾ, ਗੁਰਪ੍ਰੀਤ ਸਿੰਘ ਟੋਨੀ ਅਤੇ ਸਮੂਹ ਸਟਾਫ ਮੌਜੂਦ ਸੀ।