ਸੰਗਰੂਰ, 25 ਜੂਨ 2024 : ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਦਸਤਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਪੂਰੇ ਜ਼ਿਲ੍ਹੇ ਵਿਚ ਦਸਤ ਰੋਕੋ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ‘ਡਾਇਰੀਏ ਦੀ ਰੋਕਥਾਮ, ਸਫਾਈ ਅਤੇ ਓ ਆਰ ਐਸ ਨਾਲ ਰੱਖੋ ਆਪਣਾ ਧਿਆਨ’ ਨਾਅਰੇ ਤਹਿਤ 1 ਜੁਲਾਈ ਤੋਂ 31 ਅਗਸਤ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਸਫਲਤਾ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ 5 ਸਾਲ ਤੱਕ ਦੇ ਬੱਚਿਆਂ ਨੂੰ ਲੱਗਣ ਵਾਲੇ ਦਸਤ ਦੇ ਕਾਰਨ, ਦਸਤਾਂ ਦੀ ਰੋਕਥਾਮ, ਓ.ਆਰ.ਐਸ. ਦਾ ਘੋਲ ਤਿਆਰ ਕਰਨ, ਦਸਤ ਲੱਗਣ ਤੇ ਓ.ਆਰ.ਐਸ.ਦਾ ਘੋਲ ਦੇਣ ਅਤੇ ਬੱਚੇ ਨੂੰ ਦਸਤਾਂ ਦੀ ਹਾਲਤ ਵਿਚ ਜ਼ਿੰਕ ਦੀਆਂ ਗੋਲੀਆਂ ਦੇਣ ਅਤੇ ਸਾਫ ਸਫਾਈ ਸਬੰਧੀ ਪਰਿਵਾਰਾ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰਮੀ ਅਤੇ ਬਰਸਾਤ ਦਾ ਮੌਸਮ ਹੋਣ ਕਾਰਨ ਦਸਤ ਲੱਗਣ ਨਾਲ ਬੱਚਿਆਂ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਕਈ ਵਾਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ, ਇਸ ਲਈ ਜੇਕਰ ਦਸਤ ਲਿਗਣ ‘ਤੇ ਤੁਰੰਤ ਬੱਚੇ ਨੂੰ ਓ.ਆਰ.ਐਸ ਦਾ ਘੋਲ ਦੇ ਦਿੱਤਾ ਜਾਵੇ ਤਾਂ ਜੋ ਬੱਚੇ ਦੀ ਹਾਲਤ ਨੂੰ ਗੰਭੀਰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਦੌਰਾਨ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਆਸ਼ਾ ਵੱਲੋਂ ਘਰ-ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਓ.ਆਰ.ਐਸ ਦੇ ਪੈਕਟ ਦਿਤੇ ਜਾਣਗੇ ਤਾਂ ਜੋ ਬੱਚੇ ਨੂੰ ਦਸਤ ਲੱਗਣ ‘ਤੇ ਤੁਰੰਤ ਓ.ਆਰ.ਐਸ ਦਾ ਘੋਲ ਦਿੱਤਾ ਜਾ ਸਕੇ। ਇਸ ਦੇ ਨਾਲ ਆਸ਼ਾ/ਏ.ਐਨ.ਐਮ ਵੱਲੋਂ ਪਰਿਵਾਰਾਂ ਨੂੰ ਓ.ਆਰ.ਐਸ ਦਾ ਘੋਲ ਤਿਆਰ ਕਰਨ ਤੇ ਬੱਚੇ ਨੂੰ ਦਸਤ ਲਗਣ ਤੇ ਘੋਲ ਪਿਲਾਉਣ ਦੀ ਵਿਧੀ ਅਤੇ ਮਾਵਾਂ ਨੂੰ ਨਵਜਾਤ ਬੱਚਿਆਂ ਨੂੰ ਪਹਿਲੇ ਛੇ ਮਹੀਨੇ ਤੱਕ ਆਪਣਾ ਦੁੱਧ ਪਿਲਾਉਣ ਅਤੇ ਛੇ ਮਹੀਨੇ ਤੋਂ ਬਾਅਦ ਓਪਰੀ ਖੁਰਾਕ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਜਿਹੜੇ ਬੱਚੇ ਦਸਤਾਂ ਤੋਂ ਪੀੜਤ ਹੋਣਗੇ ਉਹਨਾਂ ਨੂੰ ਜ਼ਿੰਕ ਦੀਆਂ ਗੋਲੀਆਂ 14 ਦਿਨਾਂ ਤੱਕ ਖਾਣ ਲਈ ਦਿੱਤੀਆਂ ਜਾਣਗੀਆਂ, ਕਿਉਂਕਿ ਜ਼ਿੰਕ ਦੀ ਗੋਲੀ ਖਾਣ ਨਾਲ ਜਿਥੇ ਬੱਚਿਆਂ ਦੇ ਦਸਤ ਜਲਦੀ ਠੀਕ ਹੁੰਦੇ ਹਨ ਉਥੇ ਬੱਚਿਆਂ ਨੂੰ ਦੁਬਾਰਾ ਦਸਤ ਲਗਣ ਦੇ ਮੌਕੇ ਵੀ ਘਟ ਜਾਂਦੇ ਹਨ। ਇਸ ਮੁਹਿੰਮ ਦੌਰਾਨ ਸਮੂਹ ਸਰਕਾਰੀ ਸਿਹਤ ਸੰਸਥਾਂਵਾ ਵਿਚ ਜ਼ਿੰਕ ਅਤੇ ਓ.ਆਰ.ਐੱਸ. ਕਾਰਨਰ ਵੀ ਬਣਾਏ ਜਾਣਗੇ ਤਾਂ ਜੋ ਲੋੜ ਪੈਣ ‘ਤੇ ਬੱਚੇ ਦਾ ਤੁਰੰਤ ਇਲਾਜ ਸ਼ੁਰੂ ਹੋ ਸਕੇ।