ਲੁਧਿਆਣਾ, 27 ਮਾਰਚ : ਪੀ ਏ ਯੂ ਵਿਚ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ 37ਵੇਂ ਅੰਤਰ-ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਲਈ ਪੀਏਯੂ ਵਿਖੇ ਤਿਆਰੀਆਂ ਪੂਰੀਆਂ ਹੋ ਗਈਆਂ ਹਨ। 28 ਮਾਰਚ ਤੋਂ 1 ਅਪ੍ਰੈਲ ਨੂੰ ਸਮਾਪਤ ਹੋਣ ਵਾਲੇ ਪੰਜ ਰੋਜ਼ਾ ਰਾਸ਼ਟਰੀ ਯੁਵਕ ਮੇਲੇ ਦੇ ਈਵੈਂਟ ਪੀ ਏ ਯੂ ਕੈਂਪਸ ਦੇ ਛੇ ਵੱਖ-ਵੱਖ ਸਥਾਨਾਂ 'ਤੇ ਹੋਣਗੇ। ਇਨ੍ਹਾਂ ਵਿੱਚ ਡਾ: ਮਨਮੋਹਨ ਸਿੰਘ ਆਡੀਟੋਰੀਅਮ, ਪਾਲ ਆਡੀਟੋਰੀਅਮ, ਵ੍ਹੀਟ ਆਡੀਟੋਰੀਅਮ, ਡਾ. ਡੀ.ਐੱਸ. ਦੇਵ ਐਗਜ਼ਾਮੀਨੇਸ਼ਨ ਹਾਲ ਅਤੇ ਡਾ.ਏ.ਐਸ.ਖੇੜਾ ਓਪਨ ਏਅਰ ਥੀਏਟਰ ਪ੍ਰਮੁੱਖ ਹਨ। ਪੀਏਯੂ ਵਿਖੇ ਪਹਿਲੀ ਵਾਰ ਰਾਸ਼ਟਰੀ ਯੁਵਕ ਮੇਲਾ ਆਯੋਜਿਤ ਕਰਨ ਲਈ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਰੰਗਾਰੰਗ ਸਮਾਰੋਹ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਨਮੂਨਾ ਪੇਸ਼ ਕਰਨ ਵਾਲਾ ਉਤਸਵ ਹੁੰਦਾ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਇਹ ਜਸ਼ਨ ਪਹਿਲੀ ਵਾਰ ਪੀ ਏ ਯੂ ਵਿਚ ਹੋ ਰਿਹਾ ਹੈ। ਭਾਰਤ ਭਰ ਦੇ ਵੱਖ ਵੱਖ ਰਾਜਾਂ ਤੋਂ ਸੱਭਿਆਚਾਰਕ ਵਿਭਿੰਨਤਾ ਨੂੰ ਇਕ ਲੜੀ ਵਿਚ ਪੁਰੋ ਕੇ ਪੇਸ਼ ਕਰਨ ਵਾਲਾ ਇਹ ਮੇਲਾ ਸੂਬਾ ਵਾਸੀਆਂ ਲਈ ਦੇਸ਼ ਨੂੰ ਜਾਨਣ ਤੇ ਕਲਾਵਾਂ ਨਲਨਿਕਸੁਰ ਹੋਣ ਦਾ ਮੌਕਾ ਪ੍ਰਦਾਨ ਕਰੇਗਾ। ਡਾ ਗੋਸਲ ਨੇ ਆਸ ਪ੍ਰਗਟਾਈ ਕਿ ਇਹ ਮੇਲਾ ਦੇਸ਼ ਦੀ ਰਾਸ਼ਟਰੀ ਏਕਤਾ ਦਾ ਉੱਭਰਵਾਂ ਕਲਾਤਮਕ ਪ੍ਰਗਟਾਵਾ ਹੋਵੇਗਾ। ਯੂਨੀਵਰਸਿਟੀ ਦੇ ਰਜਿਸਟਰਾਰ ਡਾ ਰਿਸ਼ੀ ਪਾਲ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਨਵੀਂ ਦਿੱਲੀ ਦੁਆਰਾ ਪ੍ਰਾਯੋਜਿਤ ਇਹ ਰਾਸ਼ਟਰੀ ਯੁਵਕ ਮੇਲਾ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਅਧਿਆਪਨੀ ਭਾਈਚਾਰੇ ਨੂੰ ਇਕ ਮੰਚ ਤੇ ਭਿੰਨਤਾਵਾਂ ਵਿਚ ਏਕਤਾ ਵਜੋਂ ਜਾਨਣ ਦਾ ਮੌਕਾ ਮੁਹਈਆ ਕਰਾਏਗਾ। ਡਾ. ਨਿਰਮਲ ਸਿੰਘ ਜੌੜਾ ਨਿਰਦੇਸ਼ਕ ਵਿਦਿਆਰਥੀ ਭਲਾਈ, ਨੇ ਵਿਸਥਾਰ ਨਾਲ ਮੇਲੇ ਦਾ ਪ੍ਰੋਗਰਾਮ ਸਾਂਝਾ ਕਰਦੇ ਹੋਏ ਦੱਸਿਆ ਕਿ ਮੇਲੇ ਦਾ ਉਦਘਾਟਨ ਕੱਲ੍ਹ 28 ਮਾਰਚ ਨੂੰ ਸ਼ਾਮ 4 ਵਜੇ ਪੀ ਏ ਯੂ ਦੇ ਓਪਨ ਏਅਰ ਥੀਏਟਰ ਵਿਚ ਹੋਵੇਗਾ। ਉਦਘਾਟਨ ਦੀ ਰਸਮ ਨਿਭਾਉਣ ਲਈ ਭਾਰਤੀ ਯੂਨੀਵਰਸਿਟੀ ਸੰਘ ਦੇ ਜਨਰਲ ਸਕੱਤਰ ਸ਼੍ਰੀਮਤੀ ਪੰਕਜ ਮਿੱਤਲ ਇਸ ਮੌਕੇ ਹਾਜ਼ਿਰ ਰਹਿਣਗੇ। ਉਨ੍ਹਾਂ ਕਿਹਾ ਕਿ ਉਦਘਾਟਨੀ ਸਮਾਰੋਹ ਦਾ ਮੁੱਖ ਆਕਰਸ਼ਣ 120 ਦੇ ਕਰੀਬ ਯੂਨੀਵਰਸਿਟੀਆਂ ਦੀਆਂ ਟੀਮਾਂ ਵਲੋਂ ਪੇਸ਼ ਕੀਤਾ ਜਾਣ ਵਾਲਾ ਸੱਭਿਆਚਾਰਕ ਜਲੂਸ ਹੋਵੇਗਾ। ਇਸਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਟੀਮਾਂ ਨੂੰ ਦੋ ਵਰਗਾਂ ਵਿਚ ਵੰਡਿਆ ਗਿਆ ਹੈ। ਉਨ੍ਹਾਂ ਨਾਲ ਪ੍ਰਸਿੱਧ ਗਾਇਕ ਸ਼੍ਰੀ ਜਸਬੀਰ ਜੱਸੀ ਅਤੇ ਭਾਰਤੀ ਯੂਨੀਵਰਸਿਟੀ ਸੰਘ ਦੇ ਸੱਭਿਆਚਾਰਕ ਮਾਮਲਿਆਂ ਦੇ ਜੁਆਇੰਟ ਸਕੱਤਰ ਸ਼੍ਰੀ ਬਲਜੀਤ ਸਿੰਘ ਸੇਖੋਂ ਵੀ ਮੌਜੂਦ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਇਕਾਂਗੀ ਨਾਟਕ, ਕਲਾਸੀਕਲ ਡਾਂਸ, ਗਰੁੱਪ ਗੀਤ ਇੰਡੀਅਨ, ਕਲਾਸੀਕਲ ਇੰਸਟਰੂਮੈਂਟਲ ਸੋਲੋ (ਪਰਕਸ਼ਨ), ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਕੋਲਾਜ ਮੇਕਿੰਗ ਅਤੇ ਕੁਇਜ਼ (ਪ੍ਰੀਲੀਮਿਨਰੀ) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 29 ਮਾਰਚ ਨੂੰ ਇਕਾਂਗੀ ਨਾਟਕ, ਫੋਕ ਆਰਕੈਸਟਰਾ, ਪੱਛਮੀ ਵੋਕਲ ਗੀਤ, ਲਾਈਟ ਵੋਕਲ ਸੋਲੋ, ਕਲਾਸੀਕਲ ਵੋਕਲ ਸੋਲੋ, ਕਾਰਟੂਨਿੰਗ, ਮਹਿੰਦੀ, ਰੰਗੋਲੀ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਡਾ. ਜੌੜਾ ਨੇ ਦੱਸਿਆ ਕਿ 31 ਮਾਰਚ ਨੂੰ ਲੋਕ ਅਤੇ ਕਬਾਇਲੀ ਨਾਚ, ਮਿਮਿਕਰੀ, ਸਕਿੱਟ, ਮਾਈਮ, ਗਰੁੱਪ ਗੀਤ ਪੱਛਮੀ, ਕੁਇਜ਼ (ਫਾਇਨਲ), ਕਲਾਸੀਕਲ ਇੰਸਟਰੂਮੈਂਟਲ ਸੋਲੋ (ਨਾਨ-ਪਰਕਸ਼ਨ), ਵੈਸਟਰਨ ਇੰਸਟਰੂਮੈਂਟਲ (ਸੋਲੋ), ਸਪਾਟ ਪੇਂਟਿੰਗ, ਫੋਟੋਗ੍ਰਾਫੀ, ਸਥਾਪਨਾ, ਅਤੇ ਡੀਬੇਟ ਆਯੋਜਿਤ ਕੀਤੇ ਜਾਣਗੇ, ਜਿਸ ਤੋਂ ਬਾਅਦ 1 ਅਪ੍ਰੈਲ ਨੂੰ ਸਵੇਰੇ 11.00 ਵਜੇ ਡਾ. ਏ.ਐਸ. ਖੇੜਾ ਓਪਨ ਏਅਰ ਥੀਏਟਰ ਵਿਖੇ ਸਮਾਪਤੀ ਸਮਾਰੋਹ ਹੋਵੇਗਾ