ਪੁਲਿਸ ਮੁਲਾਜਮਾਂ ਨੇ ਭਰੇ ਬਜਾਰ ਕੁੱਟਿਆ ਨੌਜਵਾਨ, ਗੁੱਸੇ ਨਾਲ ਭਰ ਗਏ ਲੋਕ

  • ਲੁਧਿਆਣਾ ਬਰਨਾਲਾ ਮੁੱਖ ਮਾਰਗ ਜਾਮ ਕਰਕੇ ਪੁਲਿਸ ਪ੍ਰਸਾਸਨ ਖਿਲਾਫ਼ ਕੀਤੀ ਨਾਅਰੇਬਾਜੀ

ਮਹਿਲ ਕਲਾਂ 07 ਜਨਵਰੀ (ਭੁਪਿੰਦਰ ਧਨੇਰ) : ਸਥਾਨਕ ਕਸਬਾ ਮਹਿਲ ਕਲਾਂ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਪਰਿਵਾਰ ਨੇ ਪੁਲਿਸ ਮੁਲਾਜ਼ਮਾਂ ਤੇ ਕੁੱਟਮਾਰ ਦਾ ਦੋਸ ਲਾਉਦਿਆ ਲੁਧਿਆਣਾ ਬਰਨਾਲਾ ਮੁੱਖ ਮਾਰਗ ਜਾਮ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨਿੱਕਾ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਛੀਨੀਵਾਲ ਕਲਾਂ ਨੇ ਦੱਸਿਆ ਕਿ ਉਹ ਆਪਣੀ ਮਾਂ ਸੁਖਵਿੰਦਰ ਕੌਰ ਅਤੇ ਬੱਚੇ ਨਾਲ ਮਹਿਲ ਕਲਾਂ ਬਜਾਰ ਵਿੱਚ ਆਇਆ ਸੀ। ਪੁਲਿਸ ਨੇ ਰਸਤਾ ਬੰਦ ਹੋਣ ਦਾ ਕਹਿ ਕੇ ਮੁੜਨ ਲਈ ਕਿਹਾ ਕਿ, ਜਦੋਂ ਮੈ ਵਾਪਸ ਜਾਣ ਲੱਗਾ ਤਾਂ ਪੁਲਿਸ ਮੁਲਾਜ਼ਮਾਂ ਨੇ ਮੇਰੇ ਮੋਟਰ ਸਾਈਕਲ ਦੀ ਚਾਬੀ ਕੱਢ ਲਈ। ਜਦੋਂ ਮੈ ਵਿਰੋਧ ਕੀਤਾ ਤਾਂ ਪੁਲਿਸ ਮੁਲਾਜ਼ਮ ਮੈਨੂੰ ਕੁੱਟਣ ਲੱਗ ਗਏ। ਮੇਰੀ ਮਾਤਾ ਨੂੰ ਵੀ ਗਾਲਾ ਕੱਢੀਆਂ ਅਤੇ ਉਸ ਨਾਲ ਧੱਕਾ ਮੁੱਕੀ ਕੀਤੀ। ਭਰੇ ਬਜਾਰ ਵਿੱਚ ਮੇਰੇ ਕੱਪੜੇ ਉਤਾਰ ਕੇ ਮੈਨੂੰ ਲਗਾਤਾਰ ਕੁੱਟਦੇ ਰਹੇ। ਕਈ ਲੋਕਾਂ ਨੇ ਮੈਨੂੰ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮ ਉਹਨਾਂ ਨਾਲ ਵੀ ਬੁਰਾ ਵਿਵਹਾਰ ਕਰਨ ਲੱਗੇ। ਉਹਨਾਂ ਕਿਹਾ ਕਿ ਮੇਰਾ ਕੋਈ ਕਸੂਰ ਨਹੀ ਸੀ, ਪਰ ਉਕਤ ਮੁਲਾਜ਼ਮਾਂ ਨੇ ਮੈਨੂੰ ਕੁੱਟਿਆ ਅਤੇ ਜਲੀਲ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ,ਭਾਈ ਲਾਲੋ ਮੰਚ ਪੰਜਾਬ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਅਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਕੁਰੜ ਨੇ ਕਿਹਾ ਕਿ ਮੁਲਾਜ਼ਮਾਂ ਨੇ ਨੌਜਵਾਨ ਅਤੇ ਉਸਦੀ ਮਾਤਾ ਨਾਲ ਜਿਆਦਤੀ ਕੀਤੀ ਹੈ, ਸਾਰਿਆਂ ਦੇ ਦੇਖਦੇ ਦੇਖਦੇ ਪੁਲਿਸ ਮੁਲਾਜ਼ਮ ਨੌਜਵਾਨ ਨੂੰ ਕੁੱਟਦੇ ਰਹੇ। ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਪ੍ਰਸਾਸਨ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਜਗਜੀਤ ਸਿੰਘ ਨੇ ਲੋਕਾਂ ਨੂੰ ਸਾਂਤ ਕੀਤਾ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਜੇਕਰ ਪੁਲਿਸ ਮੁਲਾਜ਼ਮ ਦੋਸੀ ਪਾਏ ਗਏ ਤਾਂ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕਰ ਦਿੱਤੀ ਹੈ। ਦੂਜੇ ਪਾਸੇ ਲੋਕਾਂ ਨੇ ਕਿਹਾ ਕਿ ਜੇਕਰ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਨਾ ਹੋਈ ਤਾਂ ਫਿਰ ਤਿੱਖਾ ਸੰਘਰਸ਼ ਕਰਨਗੇ। ਐਸਐਚਓ ਜਗਜੀਤ ਸਿੰਘ ਵੱਲੋਂ ਦਿਵਾਏ ਵਿਸ਼ਵਾਸ ਤੋਂ ਬਾਅਦ ਧਰਨਾਕਾਰੀ ਸਾਂਤ ਹੋਏ ਅਤੇ ਧਰਨਾ ਚੱਕ ਦਿੱਤਾ। ਇਸ ਧਰਨੇ ਦੌਰਾਨ 2 ਘੰਟੇ ਦੇ ਕਰੀਬ ਲੁਧਿਆਣਾ ਬਰਨਾਲਾ ਮੁੱਖ ਮਾਰਗ ਜਾਮ ਰਿਹਾ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸਾਸਨ ਆਪਣੇ ਮੁਲਾਜ਼ਮਾਂ ਖਿਲਾਫ਼ ਕਿਸ ਤਰਾਂ ਦੀ ਕਾਰਵਾਈ ਕਰਦਾ ਹੈ। ਪਰ ਦੂਜੇ ਪਾਸੇ ਪੀੜਤ ਪਰਿਵਾਰ ਨਾਲ ਕਈ ਜਥੇਬੰਦੀਆ ਚੱਟਾਨ ਵਾਂਗ ਖੜ ਗਈਆਂ। ਜੋ ਉਸ ਦੋਸੀ ਮੁਲਾਜ਼ਮਾਂ ਨੂੰ ਬਦਲਣ ਦੀ ਜਿੱਦ ਤੇ ਅੜੀਆਂ ਰਹੀਆਂ। ਇਸ ਬਾਰੇ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ।