ਮੋਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਮੀਨੂੰ ਮੁਸਕਾਨ ਦੇ ਨਾਵਲ 'ਰਸਮੀ ਵਿਤਕਰਾ' ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਗੁਰਮੇਲ ਸਿੰਘ (ਡੀਨ, ਸਰਕਾਰੀ ਕਾਲਜ, ਸੈਕਟਰ 11, ਚੰਡੀਗੜ੍ਹ) ਵੱਲੋਂ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ 'ਧਨੁ ਲੇਖਾਰੀ ਨਾਨਕਾ' ਨਾਲ ਕੀਤੀ ਗਈ। ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ ਸਮਾਗਮ ਦੀ ਰੂਪਰੇਖਾ ਤੋਂ ਜਾਣੂ ਕਰਵਾਇਆ ਗਿਆ ਅਤੇ ਨਾਵਲ 'ਰਸਮੀ ਵਿਤਕਰਾ' ਨੂੰ ਲੋਕ ਅਰਪਣ ਕੀਤਾ ਗਿਆ। ਪ੍ਰੋ. ਰਮਨਿੰਦਰ ਸਿੰਘ ਵੱਲੋਂ ਨਾਵਲ ਬਾਰੇ ਬੜਾ ਖੋਜ ਭਰਪੂਰ ਪਰਚਾ ਪੜ੍ਹਿਆ ਗਿਆ। ਉਹਨਾਂ ਆਖਿਆ ਕਿ ਇਹ ਨਾਵਲ ਇਤਿਹਾਸਕ ਰੂਪ ਰੇਖਾ ਇੱਕ ਗੁਣਾਤਮਕ ਰਚਨਾ ਹੈ ਅਤੇ ਲੇਖਿਕਾ ਇਤਿਹਾਸਕ ਸੱਚ ਨਾਲ ਟੱਕਰ ਲੈਂਦੀ ਹੋਈ ਪ੍ਰਤਿਕੂਲ ਪਰਿਸਥਿਤੀਆਂ ਤੇ ਚੁਣੌਤੀਆਂ ਦੇ ਬਾਵਜੂਦ ਆਉਣ ਵਾਲੇ ਕੱਲ੍ਹ ਦੀ ਬਿਹਤਰੀ ਪ੍ਰਤੀ ਆਸਵੰਦ ਹੈ। ਪ੍ਰੋ. ਗੁਰਜੀਤ ਕੌਰ ਦੁਆਰਾ ਦਲਿਤ ਸਾਹਿਤ ਦੀ ਸਾਰਥਕਤਾ ਦੀ ਗੱਲ ਕਰਦਿਆਂ ਹੋਇਆਂ ਭਾਰਤੀ ਮਾਨਸਿਕਤਾ ਅਤੇ ਵਿਵਸਥਾ ਦੀਆਂ ਕਰੂਪ ਪਰਤਾਂ ਨੂੰ ਪੇਸ਼ ਕੀਤਾ ਗਿਆ। ਨਾਵਲ ਦੀ ਲੇਖਿਕਾ ਮੀਨੂੰ ਮੁਸਕਾਨ ਨੇ ਆਖਿਆ ਕਿ ਭਾਵੇਂ ਦੁਨੀਆ ਨੇ ਕਿੰਨੀ ਵੀ ਤਰੱਕੀ ਕਰ ਲਈ ਹੈ ਪਰ ਆਪਣੀ ਸੋਚ ਕਾਰਨ ਦਲਿਤ ਵਰਗ ਦੀ ਹੋਣੀ ਜਿਉਂ ਦੀ ਤਿਉਂ ਹੈ। ਇਸ ਲਈ ਉਸ ਨੇ ਆਪਣੇ ਨਾਵਲ ਰਾਹੀਂ ਸਮਾਜ ਦੀ ਸੌੜੀ ਮਾਨਸਿਕਤਾ ਨੂੰ ਝੰਜੋੜਣ ਦੀ ਕੋਸ਼ਿਸ਼ ਕੀਤੀ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਗੁਰਮੇਲ ਸਿੰਘ (ਡੀਨ, ਸਰਕਾਰੀ ਕਾਲਜ, ਸੈਕਟਰ 11, ਚੰਡੀਗੜ੍ਹ) ਜੀ ਨੇ ਰਸਮੀ 'ਵਿਤਕਰਾ' ਨਾਵਲ ਨੂੰ ਜਾਤ-ਪਾਤ ਦੇ ਕੋਹੜ 'ਤੇ ਕਟਾਖਸ਼ ਵਜੋਂ ਇੱਕ ਚੰਗੀ ਕੋਸ਼ਿਸ਼ ਮੰਨਦਿਆਂ ਖੁਸ਼ਾਮਦੀਦ ਕਿਹਾ। ਉਨ੍ਹਾਂ ਨੇ ਸਮੁੱਚੀ ਵਿਚਾਰ ਚਰਚਾ ਨੂੰ ਸਮੇਟਦਿਆਂ ਜਾਤੀ ਵਿਵਸਥਾ ਬਾਰੇ ਬੜੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਇਹਨਾਂ ਤੋਂ ਇਲਾਵਾ ਮੌਜੂਦ ਸ੍ਰੋਤਿਆਂ ਜਿਵੇਂ ਸ਼੍ਰੀ ਸਰਦਾਰਾ ਸਿੰਘ ਚੀਮਾ ਅਤੇ ਸ਼੍ਰੀ ਪ੍ਰੀਤ ਕੰਵਲ ਵੱਲੋਂ ਵੀ ਵਿਚਾਰ ਚਰਚਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ। ਇਸ ਮੌਕੇ ਸ਼੍ਰੀ ਇੰਦਰਜੀਤ ਸਿੰਘ, ਸ਼੍ਰੀ ਗੁਰਿੰਦਰ ਸਿੰਘ, ਸ਼੍ਰੀਮਤੀ ਕਮਲਜੀਤ ਕੌਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।