
- ਕਿਹਾ-ਡਾਕਟਰੀ ਸਹਾਇਤਾ ਦੇ ਨਾਲ ਨਾਲ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ
- ਕਿਹਾ-ਸਾਇਰਨ ਦਾ ਮਤਲਬ ਤਰੁੰਤ ਸਾਵਧਾਨੀ ਵਰਤਣੀ ਹੈ
ਬਟਾਲਾ,10 ਮਈ 2025 : ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਹਿੰਦ-ਪਾਕਿ ਵਿੱਚ ਬਣੇ ਤਣਾਅਪੂਰਨ ਮਾਹੌਲ ਨੂੰ ਮੁੱਖ ਰੱਖਦਿਆਂ ਸਿਵਲ ਹਸਪਤਾਲ ਵਿੱਚ ਅਣਸੁਖਾਵੀਂ ਘਟਨਾ ਨਾਲ ਨਿਪਟਣ ਲਈ ਕੀਤੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਐਸ ਐਮ.ਓ ਬਟਾਲਾ ਕੋਲੋਂ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਲਈ। ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਐਸ.ਐਮ.ਓ ਡਾ ਮਨਿੰਦਰਜੀਤ ਸਿੰਘ, ਹਨੀ ਚੌਹਾਨ ਤੇ ਟਰੱਸਟੀ ਸੰਨੀ ਮਸੀਹ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੌਜੂਦਾ ਹਾਲਤਾਂ ਨੂੰ ਵੇਖਦਿਆਂ ਅਣਸੁਖਾਵੀਂ ਘਟਨਾ ਨਾਲ ਨਿਪਟਣ ਲਈ ਉਹ ਸਿਵਲ ਹਸਪਤਾਲ ਵਿਖੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਅਧਿਕਾਰੀਆਂ ਵਲੋਂ ਲੌੜੀਦੇ ਪਰਬੰਧ ਜਿਵੇਂ ਦਵਾਈਆਂ, ਐਮਰਜੰਸੀ ਵੇਲੇ ਲੋੜ ਪੈਣ ''ਤੇ ਰਾਖਵੇਂ ਬੈੱਡ, ਸਿਹਤ ਅਧਿਕਾਰੀਆਂ ਦੀਆਂ ਰਿਸਪਾਂਸ ਟੀਮਾਂ ਸਮੇਤ ਲੋੜੀਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਤਾਂ ਜੋ ਲੋੜ ਪੈਣ 'ਤੇ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਉਨ੍ਹਾਂ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਹੰਗਾਮੀ ਹਾਲਤ ਵਿੱਚ ਸਾਥ ਦੇਣ ਲਈ ਸਹਿਯੋਗ ਕਰਨ ਲਈ ਤਿਆਰ ਰਹਿਣ। ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਤਰ੍ਹਾਂ ਦੇ ਸੰਭਾਵੀ ਪ੍ਰਬੰਧਾਂ ਲਈ ਬਿਲਕੁਲ ਤਿਆਰ ਹੈ ਅਤੇ ਡਾਕਟਰੀ ਸਹਾਇਤਾ ਦੇ ਨਾਲ ਨਾਲ ਹੋਰ ਲੋੜੀਂਦੇ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਅਜਿਹੇ ਮੌਕੇ ਉੱਤੇ ਕਾਲਾ ਬਾਜ਼ਾਰੀ ਅਤੇ ਜਮਾਂ ਖੋਰੀ ਕਰਨ ਵਾਲੇ ਕਾਰੋਬਾਰੀਆਂ ਉੱਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸਾਇਰਨ ਦਾ ਮਤਲਬ ਤਰੁੰਤ ਸਾਵਧਾਨੀ ਵਰਤਣੀ ਹੈ। ਇਸ ਲਈ ਲੋਕ ਸਰਕਾਰ ਤੇ ਪਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਵਿਧਾਇਕ ਸ਼ੈਰੀ ਕਲਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਫੈਲਣ ਵਾਲੀਆਂ ਗੁੰਮਰਾਹਕੁੰਨ ਅਫਵਾਹਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਸਮੇਂ ਸਮੇਂ ਉੱਤੇ ਲੋਕ ਹਿੱਤ ਵਿੱਚ ਜਾਰੀ ਹੋਣ ਵਾਲੀ ਅਡਵਾਈਜ਼ਰੀ ਦੀ ਇੰਨ ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਅਫਵਾਹ ਫੈਲਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਲਾਵਾਰਸ ਪਈ ਚੀਜ਼ ਦਿਖਾਈ ਦਿੰਦੀ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਨਾ ਕਿ ਉਸ ਨਾਲ ਆਪ ਛੇੜਖ਼ਾਨੀ ਕੀਤੀ ਜਾਵੇ।