ਪੀਏਯੂ ਨੇ ਫਿੱਕੀ ਅਤੇ ਐੱਮ ਐੱਸ ਐੱਮ ਈ ਦੇ ਸਹਿਯੋਗ ਨਾਲ ਔਰਤ ਉੱਦਮੀਆਂ ਲਈ ਵਿਸ਼ੇਸ਼ ਸ਼ੈਸਨ ਕਰਵਾਇਆ

ਲੁਧਿਆਣਾ 23 ਜਨਵਰੀ, 2025 : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਨੇ ਫਿੱਕੀ ਅਤੇ ਐੱਮ ਐੱਸ ਐੱਮ ਈ ਲੁਧਿਆਣਾ ਦੇ ਨਾਰੀ ਵਿੰਗ ਦੇ ਸਹਿਯੋਗ ਨਾਲ ਔਰਤ ਕਾਰੋਬਾਰੀ ਉੱਦਮੀਆਂ ਦੀ ਮਜ਼ਬੂਤੀ ਵਾਸਤੇ ਮੌਕੇ ਅਤੇ ਸੰਭਾਵਨਾਵਾਂ ਉੱਪਰ ਇਕ ਵਿਸ਼ੇਸ਼ ਸ਼ੈਸਨ ਦਾ ਆਯੋਜਨ ਕੀਤਾ| ਇਹ ਸ਼ੈਸਨ ਛੋਟੇ, ਦਰਿਮਆਨੇ ਅਤੇ ਬਹੁਤ ਛੋਟੇ ਉਦਯੋਗਾਂ ਬਾਰੇ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ| ਇਸ ਵਿਚਾਰ ਚਰਚਾ ਦਾ ਉਦੇਸ਼ ਐੱਮ ਐੱਸ ਐੱਮ ਈ ਦੀਆਂ ਸਕੀਮਾਂ ਅਤੇ ਯੋਜਨਾਵਾਂ ਤੋਂ ਜਾਣੂੰ ਕਰਵਾ ਕੇ ਔਰਤ ਕਾਰੋਬਾਰੀਆਂ ਨੂੰ ਸਫਲ ਬਨਾਉਣ ਦੀ ਕੋਸ਼ਿਸ਼ ਕਰਨਾ ਸੀ| ਕਾਲਜ ਦੇ 110 ਵਿਦਿਆਰਥੀਆਂ ਅਤੇ ਸਾਬਕਾ ਉੱਦਮੀਆਂ ਨੇ ਇਸ ਸ਼ੈਸਨ ਵਿਚ ਭਾਗ ਲੈ ਕੇ ਮਾਹਿਰਾਂ ਦੇ ਵਿਚਾਰਾਂ ਨੂੰ ਸੁਣਿਆ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਸੇਧ ਲਈ| ਸ਼ੈਸਨ ਦੇ ਮੁੱਖ ਮਹਿਮਾਨ ਐੱਮ ਐੱਸ ਐੱਮ ਈ ਦੇ ਉਪ ਨਿਰਦੇਸ਼ਕ ਸ਼੍ਰੀਮਤੀ ਇਸ਼ਿਤਾ ਥੰਮਣ ਅਗਰਵਾਲ ਸਨ| ਉਹਨਾਂ ਨੇ ਆਪਣੇ ਭਾਸ਼ਣ ਵਿਚ ਉਦਿਅਮ ਸਖੀ, ਪੀ ਐੱਮ ਈ ਜੀ ਪੀ ਅਤੇ ਮੁਦਰਾ ਯੋਜਨਾ ਵਰਗੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ| ਉਹਨਾਂ ਕਿਹਾ ਕਿ ਇਹਨਾਂ ਦਾ ਉਦੇਸ਼ ਔਰਤ ਨੂੰ ਮਾਇਕ ਤੌਰ ਤੇ ਸਵੈ ਨਿਰਭਰ ਅਤੇ ਸਸ਼ਕਤ ਬਨਾਉਣਾ ਹੈ| ਇਸ ਭਾਸ਼ਣ ਦੌਰਾਨ ਮਾਇਕ ਸਹਾਇਤਾ ਸਿਖਲਾਈ ਅਤੇ ਅਗਵਾਈ ਵਰਗੇ ਵਿਸ਼ਿਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ| ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਕਿਹਾ ਕਿ ਕਾਲਜ ਦੀ ਅਕਾਦਮਿਕ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਨਾਲ-ਨਾਲ ਉੱਦਮ ਅਤੇ ਹੁਨਰ ਵਿਚ ਪ੍ਰਵੀਨ ਬਨਾਉਣਾ ਹੈ| ਇਸ ਕੰੰਮ ਲਈ ਸਿਧਾਂਤਕ ਅਤੇ ਵਿਹਾਰਕ ਸਿਖਲਾਈ ਦੇ ਕੇ ਮੌਜੂਦਾ ਸਮੇਂ ਦੇ ਹਾਣ ਦੀ ਚੇਤਨਾ ਨਾਲ ਭਰਪੂਰ ਕੀਤਾ ਜਾ ਰਿਹਾ ਹੈ| ਇਸ ਮੌਕੇ ਫਿੱਕੀ ਲੁਧਿਆਣਾ ਦੇ ਚੇਅਰ ਪਰਸਨ ਸ਼੍ਰੀਮਤੀ ਅਨਾਮਿਕਾ ਘਈ ਅਤੇ 15 ਦੇ ਕਰੀਬ ਪਤਵੰਤੇ ਮੈਂਬਰ ਵੀ ਹਾਜ਼ਰ ਸਨ| ਆਖਰੀ ਸ਼ੈਸਨ ਵਿਚ ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਵਿਭਾਗ ਦੇ ਮੁਖੀ ਡਾ. ਸ਼ਰਨਬੀਰ ਕੌਰ ਬੱਲ ਨੇ ਮਹਿਮਾਨਾਂ ਅਤੇ ਭਾਗ ਲੈਣ ਵਾਲਿਆਂ ਦੇ ਨਾਲ ਐੱਮ ਐੱਸ ਐੱਮ ਈ ਅਤੇ ਫਿੱਕੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਔਰਤਾਂ ਦੀ ਆਰਥਿਕ ਅਤੇ ਸਮਾਜਿਕ ਮਜ਼ਬੂਤੀ ਅੱਜ ਦੇ ਸਮੇਂ ਦੀ ਲੋੜ ਹੈ ਅਤੇ ਇਸਲਈ ਵਿਗਿਆਨਕ ਸਿਖਲਾਈ ਅਤੇ ਸਹੀ ਸੇਧ ਦੇਣ ਦੀਆਂ ਕੋਸ਼ਿਸ਼ਾਂ ਵਿਭਾਗ ਵੱਲੋਂ ਜਾਰੀ ਰਹਿਣਗੀਆਂ|