ਪੀ.ਏ.ਯੂ. ਵਿੱਚ ਬਾਗਬਾਨੀ ਫਸਲਾਂ ਬਾਰੇ ਵਿਚਾਰ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਗੋਸ਼ਟੀ ਸ਼ੁਰੂ ਹੋਈ

ਲੁਧਿਆਣਾ 28 ਜਨਵਰੀ, 2025 : ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿੱਚ ਅੱਜ ਖੋਜ ਅਤੇ ਪਸਾਰ ਮਾਹਿਰਾਂ ਦੀ ਗੋਸ਼ਟੀ ਸ਼ੁਰੂ ਹੋਈ | ਬਾਗਬਾਨੀ ਫਸਲਾਂ ਲਈ ਕਰਵਾਈ ਜਾ ਰਹੀ ਇਸ ਗੋਸ਼ਟੀ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ| ਉਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਸੇਠੀ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਸ਼ਾਮਿਲ ਸਨ| ਆਪਣੇ ਉਦਘਾਟਨੀ ਭਾਸ਼ਣ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਿੱਚ ਕਿਹਾ ਕਿ ਇਸ ਗੋਸ਼ਟੀ  ਵਿੱਚ ਪੀ.ਏ.ਯੂ. ਦੇ ਖੋਜੀਆਂ ਅਤੇ ਬਾਗਬਾਨੀ ਵਿਭਾਗ ਦੇ ਪਸਾਰ ਮਾਹਿਰਾਂ ਦੀ ਗੋਸ਼ਟੀ ਦੀ ਪੁਰਾਣੀ ਰਵਾਇਤ ਹੈ | ਪੀ.ਏ.ਯੂ. ਆਪਣੀ ਖੋਜ ਵਿੱਚ ਜਿਹੜੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਪੌਦ ਸੁਰੱਖਿਆ ਤਕਨੀਕਾਂ ਦੇ ਨਾਲ-ਨਾਲ ਤੁੜਾਈ ਉਪਰੰਤ ਪ੍ਰਬੰਧਨ ਦੇ ਨੁਕਤਿਆਂ ਦੀ ਖੋਜ ਕਰਦੀ ਹੈ ਉਸਨੂੰ ਪਸਾਰ ਲਈ ਮਾਹਿਰਾਂ ਨਾਲ ਵਿਚਾਰਿਆ ਜਾਂਦਾ ਹੈ | ਡਾ. ਗੋਸਲ ਨੇ ਕਿਹਾ ਕਿ ਪਹਿਲਾਂ ਇਹ ਗੋਸ਼ਟੀ ਹਾੜ੍ਹੀ-ਸਾਉਣੀ ਦੀਆਂ ਫਸਲਾਂ ਦੀ ਵਰਕਸ਼ਾਪ ਦੇ ਨਾਲ ਹੀ ਹੁੰਦੀ ਸੀ ਪਰ ਹੁਣ ਇਸ ਨੂੰ ਵੱਖਰੇ ਤੌਰ ਤੇ ਕਰਵਾਇਆ ਜਾਣ ਲੱਗਾ ਹੈ | ਡਾ. ਗੋਸਲ ਨੇ  ਕਿਹਾ ਕਿ ਫਸਲੀ ਵਿਭਿੰਨਤਾ ਲਈ ਵਿਸ਼ੇਸ਼ ਤੌਰ ਤੇ ਸਾਉਣੀ ਦੀਆਂ ਬਾਗਬਾਨੀ ਫਸਲਾਂ ਵੱਲ ਧਿਆਨ ਦੇਣਾ ਹੋਰ ਜ਼ਰੂਰੀ ਹੈ ਕਿਉਂਕਿ ਝੋਨੇ ਦਾ ਬਦਲ ਉਸਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਹਨਾਂ ਕਿਹਾ ਕਿ ਖੇਤੀ ਵਿਭਿੰਨਤਾ ਸਭ ਤੋਂ ਢੁੱਕਵਾਂ ਬਦਲ ਬਾਗਬਾਨੀ ਹੀ ਹੋ ਸਕਦੀ ਹੈ ਅਤੇ ਫਲਾਂ, ਸਬਜ਼ੀਆਂ, ਫੁੱਲਾਂ ਅਤੇ ਵਣ ਖੇਤੀ ਰਾਹੀਂ ਮੁਨਾਫ਼ੇਯੋਗ ਖੇਤੀ ਮਾਡਲ ਦੀ ਉਸਾਰੀ ਸੰਭਵ ਹੋ ਸਕਦੀ ਹੈ| ਡਾ. ਗੋਸਲ ਨੇ ਪੰਜਾਬ ਦੇ ਕਿੰਨੂ ਦਾ ਜ਼ਿਕਰ ਕਰਦਿਆਂ ਇਸਦੇ ਬਹੁ ਕਿਸਮੀ ਬਦਲ ਨੂੰ ਉਸਾਰਨ ਵੱਲ ਧਿਆਨ ਦਵਾਇਆ| ਉਹਨਾਂ ਕਿਹਾ ਕਿ ਨਿੰਬੂ ਜਾਤੀ ਦੀਆਂ ਹੋਰ ਕਿਸਮਾਂ ਦੇ ਫਲਾਂ ਦੇ ਕਾਸ਼ਤ ਵੀ ਕਿਸਾਨਾਂ ਤੱਕ ਲਿਜਾਣ ਦੀ ਲੋੜ ਹੈ| ਇਸ ਤੋਂ ਇਲਾਵਾ ਅਮਰੂਦ ਦੇ ਖੁਰਾਕੀ ਗੁਣਾਂ ਕਾਰਨ, ਡਰੈਗਨ ਫਰੂਟ ਦੀ ਪੌਸ਼ਕਤਾ ਕਾਰਨ ਇਹਨਾਂ ਫਲਾਂ ਦੀ ਕਾਸ਼ਤ ਨੂੰ ਵਧੇਰੇ ਪ੍ਰਚਲਿਤ ਕਰਨ ਲਈ ਵਾਈਸ ਚਾਂਸਲਰ ਨੇ ਖੋਜ ਅਤੇ ਪਸਾਰ ਮਾਹਿਰਾਂ ਨੂੰ ਸੱਦਾ ਦਿੱਤਾ| ਬਾਹਰੀ ਫਲਾਂ ਜਿਵੇਂ ਐਵੋਕਾਡੋ ਅਤੇ ਬਲੂਬੇਰੀ ਦੀ ਕਾਸ਼ਤ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਸਟਰਾਅਬੇਰੀ ਵੱਲ ਧਿਆਨ ਦੁਆਇਆ| ਸਬਜ਼ੀਆਂ ਦੀ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਆਲੂ ਪੰਜਾਬ ਦੀ ਨੰਬਰ 1 ਬਾਗਬਾਨੀ ਫਸਲ ਹੈ ਪਰ ਇਸਦੀ ਕਾਸ਼ਤ ਦੀਆਂ ਹੋਰ ਸੰਭਾਵਨਾਵਾਂ ਵੀ ਹਨ| ਪੀ.ਏ.ਯੂ. ਵੱਲੋਂ ਆਲੂਆਂ ਦੀਆਂ ਕਿਸਮਾਂ ਲਈ ਬੀਜ ਉਤਪਾਦਨ ਦੀਆਂ ਹੋ ਰਹੀਆਂ ਖੋਜ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਵਾਈਸ ਚਾਂਸਲਰ ਨੇ ਇਸ ਦਿਸ਼ਾ ਵਿਚ ਜਾਰੀ ਬਰੀਡਿੰਗ ਪ੍ਰੋਗਰਾਮ ਦਾ ਉਲੇਖ ਕੀਤਾ| ਉਹਨਾਂ ਦੱਸਿਆ ਕਿ ਪੀ.ਏ.ਯੂ. ਦੇ ਕਿਲੋਂਗ ਸਟੇਸ਼ਨ ਤੇ ਇਸ ਦਿਸ਼ਾ ਵਿਚ ਕੀਤੀ ਜਾ ਰਹੀ ਖੋਜ ਜਲਦ ਹੀ ਸਾਰਥਕ ਸਿੱਟੇ ਸਾਹਮਣੇ ਲਿਆਵੇਗੀ| ਫੁੱਲਾਂ ਦੇ ਖੇਤਰ ਵਿਚ ਉਹਨਾਂ ਨੇ ਨਵੀਆਂ ਜਾਰੀ ਕੀਤੀਆਂ ਜਾ ਰਹੀਆਂ ਕਿਸਮਾਂ ਬਾਰੇ ਗੱਲ ਕਰਦਿਆਂ ਪੀ.ਏ.ਯੂ. ਵਿਚ ਸਥਾਪਿਤ ਬਹਾਰ ਰੁੱਤ ਦੀ ਬਗੀਚੀ ਨੂੰ ਅਹਿਮ ਪੜਾਅ ਤੇ ਪੁੱਜਿਆ ਖੋਜ ਤਜਰਬਾ ਆਖਿਆ| ਵਾਈਸ ਚਾਂਸਲਰ ਨੇ ਤੁੜਾਈ ਉਪਰੰਤ ਤਕਨੀਕਾਂ ਵੱਲ ਧਿਆਨ ਦੇ ਕੇ ਪ੍ਰੋਸੈਸਿੰਗ ਅਤੇ ਹੋਰ ਵਿਧੀਆਂ ਲਈ ਸਰਕਾਰੀ ਇਮਦਾਦ ਨੂੰ ਇਸ ਖੇਤਰ ਵਿਚ ਲੋੜੀਂਦੀ ਪਹਿਲਕਦਮੀ ਕਿਹਾ| ਉਹਨਾਂ ਦੱਸਿਆ ਕਿ ਪੀ.ਏ.ਯੂ. ਵੱਲੋਂ ਕਿਸਾਨਾਂ ਨੂੰ ਆਲੂਆਂ ਦਾ ਬੀਜ ਮੁਹੱਈਆ ਕਰਾਉਣ ਦੇ ਨਾਲ-ਨਾਲ ਸਬਜ਼ੀਆਂ ਦੀ ਕਿੱਟ ਆਉਂਦੇ ਦਿਨੀਂ ਉਪਲੱਬਧ ਕਰਾਈ ਜਾਏਗੀ| ਵਾਈਸ ਚਾਂਸਲਰ ਨੇ ਦੱਸਿਆ ਕਿ ਬਦਾਮਾਂ ਸੰਬੰਧੀ ਖੋਜ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਟਮਾਟਰ ਦੀਆਂ ਪ੍ਰੋਸੈਸਿੰਗ ਯੋਗ ਕਿਸਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੀਆਂ ਪਸਾਰ ਗਤੀਵਿਧੀਆਂ ਜਾਰੀ ਹਨ|  ਪੌਸ਼ਟਿਕ ਤੱਤਾਂ ਦੇ ਸੰਤੁਲਨ ਅਤੇ ਸਵਾਦ ਲਈ ਫਲ ਅਤੇ ਸਬਜ਼ੀਆਂ ਦਾ ਉਤਪਾਦਨ ਨਾ ਸਿਰਫ ਵਪਾਰਕ ਪੱਧਰ ਤੇ ਬਲਕਿ ਘਰੇਲੂ ਅਤੇ ਰਸੋਈ ਬਗੀਚੀ ਲਈ ਕੀਤੇ ਜਾਣ ਦੀ ਗੁੰਜਾਇਸ਼ ਬਾਕੀ ਹੈ | ਬਾਗਬਾਨੀ ਵਿਭਾਗ ਤੋਂ ਲੁਧਿਆਣਾ ਦੇ ਉਪ ਨਿਰਦੇਸ਼ਕ ਡਾ. ਹਰਦੀਪ ਸਿੰਘ ਨੇ ਇਸ ਮੌਕੇ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ| ਉਹਨਾਂ ਕਿਹਾ ਕਿ ਪੀ.ਏ.ਯੂ. ਦੀਆਂ ਖੋਜਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪੰਜਾਬ ਦਾ ਬਾਗਬਾਨੀ ਵਿਭਾਗ ਕੋਈ ਕਸਰ ਨਹੀਂ ਛੱਡ ਰਿਹਾ| ਇਹੀ ਕਾਰਨ ਹੈ ਕਿ ਬੀਤੇ ਸਾਲਾਂ ਵਿਚ ਬਾਗਬਾਨੀ ਜਿਣਸਾਂ ਹੇਠ ਰਕਬਾ, ਉਤਪਾਦਨ ਅਤੇ ਖਪਤ ਵਧੀ ਹੈ| ਉਹਨਾਂ ਬਾਗਬਾਨੀ ਵਿਭਾਗ ਵੱਲੋਂ ਪੰਜਾਬ ਦੀ ਖੇਤੀ ਵਿਭਿੰਨਤਾ ਲਈ ਪਾਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਅਤੇ ਪਠਾਨਕੋਟ ਵਿਚ ਕ੍ਰਮਵਾਰ ਨਾਸ਼ਪਾਤੀ ਅਤੇ ਲੀਚੀ ਦੀ ਪ੍ਰੋਸੈਸਿੰਗ ਦੇ ਕੇਂਦਰ ਸਥਾਪਿਤ ਕੀਤੇ ਗਏ ਹਨ| ਇਸ ਤੋਂ ਇਲਾਵਾ ਜਲੰਧਰ ਵਿਖੇ ਸਬਜ਼ੀਆਂ ਦਾ ਹਾਈਡ੍ਰੋਪੋਨਿਕ ਯੂਨਿਟ ਵੀ ਕਾਮਯਾਬੀ ਨਾਲ ਕੰਮ ਕਰ ਰਿਹਾ ਹੈ| ਉਹਨਾਂ ਨੇ ਫਲਾਂ ਅਤੇ ਸਬਜ਼ੀਆਂ ਦੇ ਕੇਂਦਰਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਵਿਚ ਬਾਗਬਾਨੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦਾ ਵਿਭਾਗ ਦਾ ਪ੍ਰਣ ਦੁਹਰਾਇਆ| ਡਾ. ਹਰਦੀਪ ਸਿੰਘ ਨੇ ਨਾਲ ਹੀ ਸਰਕਾਰ ਵੱਲੋਂ ਕਿਸਾਨਾਂ ਲਈ ਲਾਗੂ ਕੀਤੀਆਂ ਜਾ ਰਹੀਆਂ ਵਿੱਤੀ ਸਹਾਇਤਾ ਯੋਜਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ| ਉਹਨਾਂ ਕਿਹਾ ਕਿ ਫਸਲਾਂ ਦੀ ਤੁੜਾਈ ਅਤੇ ਪੁਟਾਈ ਤੋਂ ਬਾਅਦ ਵਿਸ਼ੇਸ਼ ਤੌਰ ਤੇ ਨਵੀਆਂ ਤਕਨੀਕਾਂ ਦੀ ਜਾਣ-ਪਛਾਣ ਇਸ ਖੇਤਰ ਵਿਚ ਕਰਵਾਈ ਜਾ ਰਹੀ ਹੈ| ਉਹਨਾਂ ਨੇ ਸੁਰੱਖਿਅਤ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੀਮਾਂ ਬਾਰੇ ਵੀ ਚਾਨਣਾ ਪਾਇਆ| ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਖੁੰਬਾਂ ਦੇ ਛੋਟੇ ਯੂਨਿਟ ਸਥਾਪਿਤ ਕਰਨ ਵੱਲ ਸਰਕਾਰ ਦਾ ਵਿਸ਼ੇਸ਼ ਧਿਆਨ ਹੈ| ਨਾਲ ਹੀ ਉਹਨਾਂ ਨੇ ਪਸਾਰ ਮਾਹਿਰਾ ਵੱਲੋਂ ਧਿਆਨ ਵਿਚ ਲਿਆਂਦੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ ਅਤੇ ਮੰਡੀ ਦੀ ਮੰਗ ਅਨੁਸਾਰ ਨਵੀਆਂ ਕਿਸਮਾਂ ਦੀ ਖੋਜ ਤੇ ਜ਼ੋਰ ਦਿੱਤਾ| ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਪਸਾਰ ਮਾਹਿਰਾਂ ਵੱਲੋਂ ਆਏ ਸਵਾਲਾਂ ਦੇ ਜਵਾਬ ਖੋਜ ਸਿੱਟਿਆਂ ਦੇ ਅਧਾਰ ਤੇ ਦਿੱਤੇ| ਨਾਲ ਹੀ ਉਹਨਾਂ ਨੇ ਕੁਦਰਤੀ ਸਾਧਨਾਂ ਦੀ ਸੰਭਾਲ ਲਈ ਫਸਲੀ ਵਿਭਿੰਨਤਾ ਦੀ ਲੋੜ ਤੇ ਜ਼ੋਰ ਦਿੰਦਿਆਂ ਬਾਗਬਾਨੀ ਪੈਦਾਵਾਰ ਵਧਾਉਣ ਲਈ ਸੁਧਰੀਆਂ ਕਿਸਮਾਂ ਦੇ ਨਾਲ ਉਤਪਾਦਨ, ਪੌਦ ਸੁਰੱਖਿਆ ਅਤੇ ਪ੍ਰੋਸੈਸਿੰਗ ਤਕਨੀਕਾਂ ਦੀ ਦਿਸ਼ਾ ਵਿਚ ਪੀ.ਏ.ਯੂ. ਦੀ ਖੋਜ ਦਾ ਹਵਾਲਾ ਦਿੱਤਾ| ਉਹਨਾਂ ਨੇ ਨਵੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਸਬਜ਼ੀਆਂ ਵਿਚ ਆਲੂਆਂ ਦੀਆਂ ਕਿਸਮਾਂ ਪੰਜਾਬ ਪਟੈਟੋ-103 ਅਤੇ ਪੰਜਾਬ ਪਟੈਟੋ-104 ਬਾਰੇ ਦੱਸਿਆ| ਨਾਲ ਹੀ ਗੋਭੀ ਦੀ ਕਿਸਮ ਪੀ ਜੀ ਏ ਸੀ 25-17 ਅਤੇ ਸੰਤਰੀ ਗਾਜਰ ਦੀ ਕਿਸਮ ਪੀਸੀਓ-4 ਦੇ ਨਾਲ ਫਰਾਂਸਬੀਨ ਦੀਆਂ ਕਿਸਮਾਂ ਐੱਫ ਬੀ ਕੇ-1 ਅਤੇ ਐੱਫ ਬੀ ਕੇ-2 ਦਾ ਜ਼ਿਕਰ ਕੀਤਾ| ਫਲਾਂ ਵਿਚ ਰਸਭਰੀ ਦੀ ਦੋ ਕਿਸਮਾਂ ਪੰਜਾਬ ਰਸਭਰੀ-1 ਅਤੇ ਪੰਜਾਬ ਰਸਭਰੀ-2 ਦੇ ਨਾਲ ਗਰੇਪ ਫਰੂਟ ਦੀ ਕਿਸਮ ਫਲੇਮ ਨੂੰ ਸਿਫ਼ਾਰਸ਼ ਕੀਤਾ| ਫੁੱਲਾਂ ਦੇ ਖੇਤਰ ਵਿਚ ਡਾ. ਢੱਟ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ ਵਿਚ ਗਲੈਡੀਓਲਸ ਦੀਆਂ ਕਿਸਮਾ ਪੀ.ਜੀ-20-14 ਅਤੇ ਪੀ ਜੀ 1901 ਬਾਰੇ ਦੱਸਿਆ| ਨਾਲ ਹੀ ਉਹਨਾਂ ਨੇ ਗੁਲਦਾਉਦੀ ਦੀਆਂ ਦੋ ਕਿਸਮਾਂ ਪੰਜਾਬ ਅਨੁਰਾਧਾ ਅਤੇ ਪੰਜਾਬ ਗੁਲ-ਏ-ਸਾਹਿਰ ਦਾ ਜ਼ਿਕਰ ਕੀਤਾ| ਉਹਨਾਂ ਨੇ ਉਤਪਾਦਨ ਤਕਨੀਕਾਂ ਵਿਚ ਲਸਣ ਦਾ ਝਾੜ ਵਧਾਉਣ ਦੀ ਤਕਨੀਕ, ਲੂਣੇ ਪਾਣੀ ਨੂੰ ਨਹਿਰੀ ਪਾਣੀ ਨਾਲ ਮਿਲਾ ਕੇ ਟਮਾਟਰਾਂ ਦੀ ਤੁਪਕਾ ਸਿੰਚਾਈ ਦੀ ਤਕਨੀਕ, ਸ਼ਾਖਾਵਾਂ ਤੋਂ ਨਾਖਾਂ ਦੇ ਬੂਟੇ ਤਿਆਰ ਕਰਨ ਦੀ ਤਕਨੀਕ ਅਤੇ ਫੁੱਲਾਂ ਵਿਚ ਪੌਲੀ ਹਾਊਸ ਅਧੀਨ ਕਾਸ਼ਤ ਲਈ ਖਾਦਾਂ ਦੀ ਵਰਤੋਂ ਅਤੇ ਗੇਂਦੇ ਦੀ ਪੰਜਾਬ ਨੰ-1 ਕਿਸਮ ਦੀ ਲਵਾਈ ਦਾ ਸਹੀ ਸਮਾਂ ਸਿਫਾਰਸ਼ ਕੀਤਾ| ਇਸ ਤੋਂ ਇਲਾਵਾ ਡਾ. ਢੱਟ ਨੇ ਪੌਦ ਸੁਰੱਖਿਆ ਤਕਨੀਕਾਂ ਅਤੇ ਬਾਗਬਾਨੀ ਫਸਲਾਂ ਦੀ ਤੁੜਾਈ ਉਪਰੰਤ ਦੀਆਂ ਤਕਨੀਕਾਂ ਵੀ ਸਾਂਝੀਆਂ ਕੀਤੀਆਂ| ਸਵਾਗਤੀ ਸ਼ਬਦ ਪੀ.ਏ.ਯੂ. ਦੇ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ | ਉਹਨਾਂ ਨੇ ਵਿਸ਼ੇਸ਼ ਖੇਤਰਾਂ ਵਿੱਚ ਬਾਗਬਾਨੀ ਦੀ ਕਾਸ਼ਤ ਨੂੰ ਸਥਿਰ ਕਰਨ ਅਤੇ ਵਧਾਉਣ ਦੇ ਨਾਲ-ਨਾਲ ਇਸ ਵਰਕਸ਼ਾਪ ਦੀ ਰੂਪਰੇਖਾ ਅਤੇ ਉਦੇਸ਼ ਦਾ ਜ਼ਿਕਰ ਕੀਤਾ | ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ | ਨਾਲ ਹੀ ਡਾ. ਰਿਆੜ ਨੇ ਯੂਨੀਵਰਸਿਟੀ ਵੱਲੋਂ ਬਾਗਬਾਨੀ ਦੇ ਖੇਤਰ ਵਿੱਚ ਕੀਤੀਆਂ ਪ੍ਰਕਾਸ਼ਨਾਵਾਂ ਬਾਰੇ ਵੀ ਖੋਜ ਅਤੇ ਪਸਾਰ ਮਾਹਿਰਾਂ ਨੂੰ ਜਾਣੂੰ ਕਰਵਾਇਆ | ਅੰਤ ਵਿੱਚ ਧੰਨਵਾਦ ਦੇ ਸ਼ਬਦ ਬਾਗਬਾਨੀ ਅਤੇ ਫੌਰਿਸਟਰੀ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਕਹੇ | ਇਸ ਮੌਕੇ ਨੀਮਾਟੋਡ ਦੀ ਰੋਕਥਾਮ ਬਾਰੇ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕਿਤਾਬ ਨੂੰ ਲੋਕ ਅਰਪਿਤ ਕਰਨ ਦੀ ਰਸਮ ਪ੍ਰਧਾਨਗੀ ਮੰਡਲ ਨੇ ਨਿਭਾਈ| ਇਸ ਵਰਕਸ਼ਾਪ ਦੇ ਪਹਿਲੇ ਦਿਨ ਦੋ ਤਕਨੀਕੀ ਸੈਸ਼ਨ ਕਰਵਾਏ ਗਏ | ਪਹਿਲਾ ਸੈਸ਼ਨ ਪੰਜਾਬ ਵਿੱਚ ਫਲਾਂ ਦੀ ਖੇਤੀ ਦੀ ਦਿਸ਼ਾ ਅਤੇ ਦਸ਼ਾ ਬਾਰੇ ਸੀ| ਦੂਜਾ ਤਕਨੀਕੀ ਸੈਸ਼ਨ ਸਬਜ਼ੀਆਂ ਬਾਰੇ ਸੀ | ਇਸ ਸੈਸ਼ਨ ਦੀ ਪ੍ਰਧਾਨਗੀ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕੀਤੀ | ਇਸ ਸੈਸ਼ਨ ਵਿੱਚ ਸਬਜ਼ੀਆਂ ਦੀ ਕਾਸ਼ਤ ਦੇ ਸੰਦਰਭ ਅਤੇ ਸੰਭਾਵਾਨਾਵਾਂ ਦੀ ਗੱਲ ਹੋਈ | ਯਾਦ ਰਹੇ ਕਿ ਇਸ ਵਰਕਸ਼ਾਪ ਵਿੱਚ ਬਾਗਬਾਨੀ ਵਿਭਾਗ ਅਤੇ ਪੀ.ਏ.ਯੂ. ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਹੋਰ ਅਦਾਰਿਆਂ ਦੇ ਬਾਗਬਾਨੀ ਸੰਬੰਧੀ ਅਤੇ ਖੋਜ ਅਤੇ ਪਸਾਰ ਮਾਹਿਰ ਭਾਰੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ | ਭਲਕੇ ਇਸ ਵਰਕਸ਼ਾਪ ਦੇ ਦੂਸਰੇ ਦਿਨ ਖੋਜ ਅਤੇ ਪਸਾਰ ਮਾਹਿਰਾਂ ਨੂੰ ਪ੍ਰਯੋਗ ਖੇਤਰ ਦਾ ਦੌਰਾ ਕਰਵਾਉਣ ਤੋਂ ਬਾਅਦ ਤੀਸਰਾ ਤਕਨੀਕੀ ਸੈਸ਼ਨ ਫੁੱਲਾਂ ਦੀ ਖੇਤੀ, ਤੁੜਾਈ ਉਪਰੰਤ ਤਕਨੀਕਾਂ, ਖੇਤੀ ਇੰਜਨੀਅਰਿੰਗ, ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਅਤੇ ਅਰਥ ਸ਼ਾਸਤਰ ਬਾਰੇ ਹੋਵੇਗਾ| ਸੈਸ਼ਨ ਦੀ ਪ੍ਰਧਾਨਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਕਰਨਗੇ|