ਲੁਧਿਆਣਾ 16 ਅਪ੍ਰੈਲ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿਚ ਮੁੜ ਨਵਿਆਉਣਯੋਗ ਸਰੋਤਾਂ ਬਾਰੇ ਇਸ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ| ਇਸਦਾ ਉਦਘਾਟਨ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ| ਇਸ ਪ੍ਰਦਰਸ਼ਨੀ ਨੂੰ ਉਪਹਾਰ ਸਰੂਪ ਲੁਧਿਆਣਾ ਦੇ ਮਸ਼ਹੂਰ ਡਾਕ ਟਿਕਟ ਸੰਗ੍ਰਹਿ ਕਰਨ ਵਾਲੇ ਸਵਰਗੀ ਸ਼੍ਰੀ ਐੱਸ ਸੀ ਜੈਨ ਵੱਲੋਂ ਭੇਂਟ ਕੀਤਾ ਗਿਆ ਹੈ| ਇਸ ਪ੍ਰਦਰਸ਼ਨੀ ਵਿਚ ਮੁੜ ਨਵਿਆਉਣਯੋਗ ਐਨਰਜੀ ਸਰੋਤਾਂ ਨੂੰ ਡਾਕ ਟਿਕਟਾਂ ਉੱਪਰ ਪ੍ਰਦਰਸ਼ਿਤ ਕੀਤਾ ਗਿਆ ਹੈ ਜੋ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੇ ਜਾਰੀ ਕੀਤੀਆਂ ਹਨ| ਡਾ. ਮਨਜੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾਕ ਟਿਕਟਾਂ ਰਾਹੀਂ ਬਹੁਤ ਲੰਮਾ ਸਮਾਂ ਜਾਗਰੂਕਤਾ ਦਾ ਪਸਾਰ ਹੁੰਦਾ ਰਿਹਾ ਹੈ| ਚਿੱਠੀਆਂ ਪਹੁੰਚਾਉਣ ਦੇ ਨਾਲ ਨਾਲ ਡਾਕ ਟਿਕਟਾਂ ਰਾਹੀਂ ਬੜੇ ਮਹੱਤਵਪੂਰਨ ਸੁਨੇਹੇ ਆਮ ਲੋਕਾਂ ਤੱਕ ਪਹੁੰਚਾਏ ਜਾਂਦੇ ਰਹੇ ਹਨ| ਉਹਨਾਂ ਕਿਹਾ ਕਿ ਮੁੜ ਨਵਿਆਉਣਯੋਗ ਊਰਜਾ ਸੰਬੰਧੀ ਇਹਨਾਂ ਡਾਕ ਟਿਕਟਾਂ ਦਾ ਸੰਗ੍ਰਹਿ ਦੇਖਣ ਵਾਲਿਆਂ ਨੂੰ ਊਰਜਾ ਸੰਬੰਧੀ ਨਵੇਂ ਪੱਖਾਂ ਤੋਂ ਜਾਣੂ ਕਰਵਾਏਗਾ| ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਨੇ ਕਿਹਾ ਕਿ ਇਹਨਾਂ ਡਾਕ ਟਿਕਟਾਂ ਰਾਹੀਂ ਜਿੱਥੇ ਇਕ ਪਾਸੇ ਸਾਡੇ ਡਾਕ ਇਤਿਹਾਸ ਦਾ ਮਹੱਤਵਪੂਰਨ ਪੰਨਾ ਵਾਕਫੀ ਵਿਚ ਆਉਂਦਾ ਹੈ ਉਥੇ ਊਰਜਾ ਦੀ ਸੰਭਾਲ ਬਾਰੇ ਲੋਕਾਂ ਵਿਚ ਜਾਗਰੂਕਤਾ ਵੀ ਫੈਲਦੀ ਹੈ| ਕਾਲਜ ਦੇ ਸਾਬਕਾ ਡੀਨ ਡਾ. ਐੱਸ ਕੇ ਸੋਂਧੀ ਨੇ ਇਸ ਮੌਕੇ ਲੁਧਿਆਣਾ ਦੇ ਡਾਕ ਟਿਕਟ ਸੰਗ੍ਰੀਹ ਕਲੱਬ ਦੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ| ਇਸੇ ਕਾਲਜ ਦੇ ਸਾਬਕਾ ਡੀਨ ਡਾ. ਐੱਸ ਡੀ ਖੇਪਰ ਨੇ ਇਕ ਦੌਰ ਵਿਚ ਡਾਕ ਟਿਕਟਾਂ ਇਕੱਠੀਆਂ ਕਰਨ ਦੇ ਜਨੂੰਨ ਬਾਰੇ ਗੱਲ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਵਿਸ਼ੇ ਨਾਲ ਸੰਬੰਧਤ ਡਾਕ ਟਿਕਟਾਂ ਜਮ•ਾਂ ਕਰਨ ਦਾ ਸ਼ੌਂਕ ਸੀ| ਇਸੇ ਸ਼ੌਂਕ ਨੇ ਵਾਤਾਵਰਨ ਬਾਰੇ ਲੋਕਾਂ ਨੂੰ ਚੇਤਨਾ ਨਾਲ ਭਰਪੂਰ ਕੀਤਾ| ਇਸ ਸਮੇਂ ਸਿਫਟ ਦੇ ਪ੍ਰੋਜੈਕਟ ਕੁਆਰਡੀਨੇਟਰ ਡਾ. ਰਾਕੇਸ਼ ਸ਼ਾਰਦਾ ਅਤੇ ਲੁਧਿਆਣਾ ਡਾਕ ਟਿਕਟ ਸੰਗ੍ਰਹਿ ਕਲੱਬ ਦੇ ਮੈਂਬਰ ਵੀ ਮੌਜੂਦ ਸਨ|