
ਲੁਧਿਆਣਾ 10 ਫਰਵਰੀ , 2025 : ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵਿਚ ਖੇਤੀ ਔਜ਼ਾਰਾਂ ਅਤੇ ਮਸ਼ੀਨਰੀ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਨੂੰ ਰਾਸ਼ਟਰੀ ਪੱਧਰ ਤੇ ਸਰਵੋਤਮ ਕੇਂਦਰ ਦੇ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ| ਇਹ ਪੁਰਸਕਾਰ ਦੇਸ਼ ਭਰ ਦੇ 25 ਕੇਂਦਰਾਂ ਵਿੱਚੋਂ ਇਸ ਕੇਂਦਰ ਨੂੰ ਪ੍ਰਸ਼ੰਸਾ ਪੱਤਰ ਦੇ ਰੂਪ ਵਿਚ ਪ੍ਰਦਾਨ ਕੀਤਾ ਗਿਆ ਹੈ| ਬੀਤੇ ਦਿਨੀਂ ਹੈਦਰਾਬਾਦ ਵਿਖੇ ਹੋਈ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟਾਂ ਦੀ 39ਵੀਂ ਵਰਕਸ਼ਾਪ ਵਿਚ ਪ੍ਰਦਰਸ਼ਨ ਦੇ ਅਧਾਰ ਤੇ ਪੀ.ਏ.ਯੂ. ਦੇ ਇਸ ਕੇਂਦਰ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ| ਇਸ ਵਰਕਸ਼ਾਪ ਵਿਚ ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵਿਚ ਜਾਰੀ ਖੇਤੀ ਮਸ਼ੀਨਰੀ ਅਤੇ ਔਜ਼ਾਰਾਂ ਬਾਰੇ ਇਸ ਪੋ੍ਰਜੈਕਟ ਨੂੰ ਨਿਰੰਤਰ ਕੀਤੇ ਯਤਨਾਂ, ਸਰੇਸ਼ਠਤਾ ਲਈ ਵਚਨਬੱਧਤਾ ਅਤੇ ਤਕਨਾਲੋਜੀ ਦੇ ਵਿਕਾਸ ਅਤੇ ਪ੍ਰਦਰਸ਼ਨ ਲਈ ਪਾਏ ਸ਼ਾਨਦਾਰ ਯੋਗਦਾਨ ਲਈ ਇਸ ਪੁਰਸਕਾਰ ਦੇ ਯੋਗ ਸਮਝਿਆ ਗਿਆ| ਦੀ ਟੀਮ ਵਿਚ ਡਾ. ਅਨੂਪ ਦੀਕਸ਼ਤ, ਡਾ. ਮਨਪ੍ਰੀਤ ਸਿੰਘ, ਡਾ. ਅਸੀਮ ਵਰਮਾ ਅਤੇ ਡਾ. ਅਪੂਰਵ ਪ੍ਰਕਾਸ਼ ਨੇ ਇਸ ਖੋਜ ਪ੍ਰੋਜੈਕਟ ਤਹਿਤ ਕੀਤੇ ਕਾਰਜਾਂ ਅਤੇ ਪ੍ਰਾਪਤੀਆਂ ਬਾਰੇ ਕੀਤੇ ਕਾਰਜਾਂ ਬਾਰੇ ਚਾਨਣਾ ਪਾਇਆ| ਜ਼ਿਕਰਯੋਗ ਹੈ ਕਿ ਪੀ.ਏ.ਯੂ. ਨੇ ਵਿਸ਼ੇਸ਼ ਤੌਰ ਤੇ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਵਾਲੀ ਮਸ਼ੀਨਰੀ ਅਤੇ ਤਕਨਾਲੋਜੀਆਂ ਨੂੰ ਮਕਬੂਲ ਬਨਾਉਣ ਲਈ ਖਾਸ ਯੋਗਦਾਨ ਪਾਇਆ ਹੈ| ਇਸ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਅਨੂਪ ਦੀਕਸ਼ਤ ਦੀ ਨਿਗਰਾਨੀ ਹੇਠ ਪੀ.ਏ.ਯੂ. ਦੇ ਇਸ ਵਿਭਾਗ ਨੇ ਕਈ ਨਵੀਨ ਤਕਨਾਲੋਜੀਆਂ ਦਾ ਵਿਕਾਸ ਕੀਤਾ, ਇਹਨਾਂ ਤਕਨਾਲੋਜੀਆਂ ਦੀ ਪਰਖ ਕੀਤੀ, ਫਰੰਟ ਲਾਈਨ ਪ੍ਰਦਰਸ਼ਨ ਕਰਕੇ ਲੋੜੀਂਦੀਆਂ ਸੋਧਾਂ ਤੋਂ ਬਾਅਦ ਮਸ਼ੀਨਰੀ ਨੂੰ ਵਰਤੋਂ ਲਈ ਪੇਸ਼ ਕੀਤਾ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਦੇ ਨਾਲ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਸੰਬੰਧਿਤ ਟੀਮ ਨੂੰ ਇਸ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ|