ਲੁਧਿਆਣਾ 11 ਜੂਨ : ਬੀਤੇ ਦਿਨੀਂ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੇ ਹੋਮ ਸਾਇੰਸ ਐਸੋਸੀਏਸ਼ਨ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ| ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਇਸ ਵਿਦਾਇਗੀ ਸਮਾਰੋਹ ਦੌਰਾਨ ਗ੍ਰੈਜੂਏਸ਼ਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਵੱਲੋਂ ਦਿੱਤੀਆਂ ਮਿੱਠੀਆਂ ਯਾਦਾਂ ਲਈ ਉਹਨਾਂ ਦਾ ਧੰਨਵਾਦ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ| ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਉਹਨਾਂ ਨੇ ਵਿਦਿਆਰਥੀਆਂ ਨੂੰ ਲਗਨ, ਮਿਹਨਤ ਅਤੇ ਸਮਰਪਣ ਨਾਲ ਅਕਾਦਮਿਕ ਪ੍ਰਾਪਤੀਆਂ ਹਾਸਲ ਕਰਨ ਅਤੇ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ ਜ਼ਿੰਦਗੀ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਭ ਨੂੰ ਹੌਂਸਲੇ ਅਤੇ ਸਵੈ ਭਰੋਸੇ ਦੀ ਲੋੜ ਹੁੰਦੀ ਹੈ| ਡਾ. ਬੈਂਸ ਨੇ ਪੁਰਾਣੇ ਵਿਦਿਆਰਥੀਆਂ ਨੂੰ ਹਮੇਸ਼ਾਂ ਕਾਲਜ ਨਾਲ ਜੁੜੇ ਰਹਿਣ ਅਤੇ ਆਉਣ ਵਾਲੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਨ ਵਾਸਤੇ ਕਿਹਾ| ਇਸ ਮੌਕੇ ਵਿਦਿਆਰਥੀਆਂ ਨੇ ਕਈ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਜਿਨ•ਾਂ ਵਿਚ ਰੈਂਪ ਵਾਕ, ਸਕਿੱਟ, ਦੋ ਗਾਣੇ, ਸਮੂਹ ਨਾਚ ਆਦਿ ਪੇਸ਼ ਕੀਤੇ ਗਏ| ਹੋਮ ਸਾਇੰਸ ਐਸੋਸੀਏਸ਼ਨ ਦੇ ਨਵੇਂ ਨਿਯੁਕਤ ਹੋਏ ਕਾਰਜਕਾਰਨੀ ਮੈਂਬਰਾਂ ਨੂੰ ਸਹੁੰ ਚੁੱਕਣ ਦੀ ਰਸਮ ਵੀ ਅਦਾ ਹੋਈ| ਰੈਂਪ ਵਾਕ ਦੀ ਜਜਮੈਂਟ ਲਈ ਡਾ. ਸ਼ਰਨਵੀਰ ਕੌਰ ਬੱਲ, ਡਾ. ਹਰਮਿੰਦਰ ਕੌਰ ਸੈਣੀ ਅਤੇ ਸ਼੍ਰੀਮਤੀ ਹਰਪ੍ਰੀਤ ਚੀਮਾ ਨੇ ਭੂਮਿਕਾ ਨਿਭਾਈ| ਇਸ ਮੁਕਾਬਲੇ ਵਿਚ ਕੁਮਾਰੀ ਰੁਮਾਨੀ, ਕੁਮਾਰੀ ਸ੍ਰੇਆ ਬਕਸ਼ੀ ਅਤੇ ਕੁਮਾਰੀ ਚਾਹਤ ਸ਼ਰਮਾ ਪਹਿਲੇ ਤਿੰਨ ਸਥਾਨਾਂ ਤੇ ਰਹੀਆਂ| ਕੁਝ ਵਿਦਿਆਰਥੀਆਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ਤੇ ਇਨਾਮ ਦਿੱਤੇ ਗਏ ਜਿਨ੍ਹਾਂ ਵਿਚ ਸਾਲ ਦਾ ਸਰਵੋਤਮ ਵਿਦਿਆਰਥੀ ਹੋਣ ਦਾ ਮਾਣ ਕੁਮਾਰੀ ਅਨਾਮਿਕਾ ਅਤੇ ਨਿਊਟ੍ਰੀਸ਼ਨ ਅਤੇ ਡਾਇਟੈਟਿਕਸ ਵਿਚ ਸਾਲ ਦਾ ਸਰਵੋਤਮ ਵਿਦਿਆਰਥੀ ਕੁਮਾਰੀ ਹਰਵਿੰਦਰ ਕੌਰ ਨੂੰ ਦਿੱਤਾ ਗਿਆ| ਵਿਦਿਆਰਥੀਆਂ ਨੇ ਇਕ ਦੂਜੇ ਨੂੰ ਭਾਵੁਕ ਵਿਦਾਈ ਦਿੰਦਿਆਂ ਭਵਿੱਖ ਵਿਚ ਮਿਲਦੇ ਰਹਿਣ ਦਾ ਵਾਅਦਾ ਕੀਤਾ|