ਪੀ.ਏ.ਯੂ. ਨੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਤਕਨੀਕ ਦੀ ਸੰਧੀ ਕੀਤੀ

ਲੁਧਿਆਣਾ 28 ਜਨਵਰੀ, 2025 : ਪੀ.ਏ.ਯੂ. ਨੇ ਗੁਜਰਾਤ ਸਥਿਤ ਕੰਪਨੀ ਐਟਮਸ ਪਾਵਰ ਪ੍ਰਾਈਵੇਟ ਲਿਮਿਟਡ ਨਾਲ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਤਕਨੀਕ ਦੇ ਪਸਾਰ ਲਈ ਵਿਸ਼ੇਸ਼ ਸੰਧੀ ਕੀਤੀ| ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸੰਧੀ ਉੱਪਰ ਯੂਨੀਵਰਸਿਟੀ ਦੀ ਤਰਫੋਂ ਹਸਤਾਖਰ ਕੀਤੇ| ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਵੀ ਮੌਜੂਦ ਸਨ| ਡਾ. ਢੱਟ ਨੇ ਇਸ ਤਕਨਾਲੋਜੀ ਨੂੰ ਈਜ਼ਾਦ ਕਰਨ ਵਾਲੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਸੂਚ ਨੂੰ ਵਧਾਈ ਦਿੱਤੀ| ਉਹਨਾਂ ਨੇ ਇਸ ਤਕਨਾਲੋਜੀ ਦੀਆਂ 51 ਸੰਧੀਆਂ ਪੂਰੀਆਂ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ| ਡਾ. ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਵੱਲੋਂ ਊਰਜਾ ਦੇ ਖੇਤਰ ਵਿਚ ਕੀਤੀਆਂ ਗਈਆਂ ਖੋਜਾਂ ਨੂੰ ਵੱਡੀ ਪੱਧਰ ਤੇ ਲੋਕਾਂ ਵੱਲੋਂ ਪ੍ਰਵਾਨ ਕੀਤਾ ਗਿਆ ਹੈ| ਇਸ ਦਿਸ਼ਾ ਵਿਚ ਕਈ ਕੰਪਨੀਆਂ ਅਤੇ ਉਦਯੋਗਿਕ ਇਕਾਈਆਂ ਵੱਲੋਂ ਕੀਤੀਆਂ ਸੰਧੀਆਂ ਇਸਦਾ ਪ੍ਰਮਾਣ ਹਨ| ਇਸੇ ਕਰਕੇ ਇਹ ਤਕਨੀਕ ਪੂਰੇ ਦੇਸ਼ ਵਿਚ ਮਕਬੂਲ ਹੈ| ਡਾ. ਸੂਚ ਨੇ ਇਸ ਮੌਕੇ ਦੱਸਿਆ ਕਿ ਇਹ ਤਕਨੀਕ ਰਸੋਈ ਦੇ ਨਾਲ-ਨਾਲ ਊਰਜਾ ਪੈਦਾ ਕਰਨ ਲਈ ਅਤੇ ਬਾਇਓਗੈਸ ਦੇ ਨਿਰਮਾਣ ਲਈ ਪਰਾਲੀ ਨੂੰ ਈਂਧਣ ਵਜੋਂ ਇਸਤੇਮਾਲ ਕਰਦੀ ਹੈ| ਪਰਾਲੀ ਅਤੇ ਹੋਰ ਜੈਵਿਕ ਰਹਿੰਦ-ਖੂੰਹਦ ਨੂੰ ਥੋੜੀ ਜਿਹੀ ਮਿਹਨਤ ਨਾਲ ਇਸਤੇਮਾਲ ਕਰਕੇ ਤਿੰਨ ਮਹੀਨਿਆਂ ਵਾਸਤੇ ਬਾਇਓਗੈਸ ਦਾ ਨਿਰਮਾਣ ਕੀਤਾ ਜਾ ਸਕਦਾ ਹੈ| ਇਸ ਵਿਚ ਵਰਤੀ ਗਈ ਸਮੱਗਰੀ ਨੂੰ ਖੇਤਾਂ ਵਿਚ ਖਾਦ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ|