
ਲੁਧਿਆਣਾ 28 ਜਨਵਰੀ, 2025 : ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੂੰ ਬਾਗਬਾਨੀ ਸੁਸਾਇਟੀ ਦੀ ਭਾਰਤੀ ਅਕੈਡਮੀ ਦਾ ਵੱਕਾਰੀ ਆਈ ਏ ਐੱਚ ਐੱਸ ਗਿਰਧਾਰੀ ਲਾਲ ਚੱਢਾ ਐਵਾਰਡ 2024 ਪ੍ਰਦਾਨ ਕੀਤਾ ਗਿਆ ਹੈ| ਜ਼ਿਕਰਯੋਗ ਹੈ ਕਿ ਇਹ ਐਵਾਰਡ ਦੇਣ ਵਾਲੀ ਅਕੈਡਮੀ 1942 ਵਿਚ ਸਥਾਪਿਤ ਕੀਤੀ ਗਈ ਸੀ ਅਤੇ ਇਸਦੇ 2400 ਮੈਂਬਰ ਹਨ| ਇਸ ਐਵਾਰਡ ਵਿਚ ਗੋਲਡ ਮੈਡਲ ਅਤੇ ਪ੍ਰਸ਼ੰਸ਼ਾ ਪੱਤਰ ਸ਼ਾਮਿਲ ਹੈ ਅਤੇ ਇਹ ਐਵਾਰਡ ਡਾ. ਗਿੱਲ ਨੂੰ ਅੱਜ ਨਵੀਂ ਦਿੱਲੀ ਦੇ ਆਈ ਏ ਆਰ ਆਈ ਵਿਖੇ ਬਾਗਬਾਨੀ ਖੇਤਰ ਨੂੰ ਤਬਦੀਲ ਕਰਨ ਵਾਲੀਆਂ ਡਿਜ਼ੀਟਲ ਤਕਨਾਲੋਜੀਆਂ ਬਾਰੇ ਰਾਸ਼ਟਰੀ ਕਾਨਫਰੰਸ ਦੇ ਆਰੰਭਕ ਸੈਸ਼ਨ ਵਿਚ ਪ੍ਰਦਾਨ ਕੀਤਾ ਗਿਆ| ਇਸ ਸੈਸ਼ਨ ਵਿਚ ਨੀਤੀ ਆਯੋਗ ਨਵੀਂ ਦਿੱਲੀ ਦੇ ਮੈਂਬਰ ਪ੍ਰੋਫੈਸਰ ਰਮੇਸ਼ ਚੰਦ, ਆਈ ਸੀ ਏ ਆਰ ਦੇ ਸਾਬਕਾ ਨਿਰਦੇਸ਼ਕ ਜਨਰਲ ਡਾ. ਟੀ ਮੋਹਪਾਤਰਾ, ਬਾਗਬਾਨੀ ਬਾਰੇ ਆਈ ਸੀ ਏ ਆਰ ਦੇ ਡੀ ਡੀ ਜੀ ਡਾ ਐੱਸ ਕੇ ਸਿੰਘ ਅਤੇ ਭਾਰਤ ਸਰਕਾਰ ਦੇ ਉੱਚ ਸਕੱਤਰ ਡਾ. ਦਵੇਸ਼ ਚਤੁਰਬੇਦੀ ਸ਼ਾਮਿਲ ਸਨ| 1992 ਵਿਚ ਡਾ. ਗਿਰਧਾਰੀ ਲਾਲ ਚੱਢਾ ਐਵਾਰਡ ਦੀ ਸਥਾਪਨਾ ਫਲ ਵਿਗਿਆਨ ਦੇ ਖੇਤਰ ਵਿਚ ਕੀਤੀ ਗਈ ਅਤੇ ਇਸ ਦਿਸ਼ਾ ਵਿਚ ਬਾਗਬਾਨੀ ਦੇ ਸਾਬਕਾ ਡੀ ਡੀ ਜੀ ਡਾ. ਕੇ ਐੱਲ ਚੱਢਾ ਨੇ ਫਲਾਂ ਦੀ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀ ਧਨ ਰਾਸ਼ੀ ਮੁਹੱਈਆ ਕਰਵਾਈ| ਇਹ ਐਵਾਰਡ ਹਰ ਵਾਰ ਫਲ ਵਿਗਿਆਨ ਦੇ ਖੇਤਰ ਵਿਚ ਯੋਗਦਾਨ ਪਾਉਣ ਅਤੇ ਅਗਵਾਈ ਕਰਨ ਵਾਲੇ ਵਿਗਿਆਨੀ ਨੂੰ ਉਸਦੇ ਪ੍ਰਕਾਸ਼ਨ ਕਾਰਜ ਅਤੇ ਤਕਨਾਲੋਜੀਆਂ ਦੇ ਵਿਕਾਸ ਲਈ ਪ੍ਰਦਾਨ ਕੀਤਾ ਜਾਂਦਾ ਹੈ| ਡਾ. ਮਾਨਵਇੰਦਰਾ ਸਿੰਘ ਗਿੱਲ ਆਪਣੀ ਬੀ ਐੱਸ ਸੀ, ਐੱਮ ਐੱਸ ਸੀ ਅਤੇ ਪੀ ਐੱਚ ਡੀ ਪੀ.ਏ.ਯੂ. ਲੁਧਿਆਣਾ ਤੋਂ ਹਾਸਲ ਕੀਤੀ ਅਤੇ ਬਰਤਨੀਆਂ ਦੇ ਨੌਗਿੰਟਮ ਤੋਂ ਉਹਨਾਂ ਨੇ ਪੋਸਟ ਡਾਕਟਰੇਟ ਦੀ ਡਿਗਰੀ ਲਈ| 1992 ਵਿਚ ਉਹ ਪੀ.ਏ.ਯੂ. ਦਾ ਹਿੱਸਾ ਬਣੇ| ਇਸ ਅਰਸੇ ਦੌਰਾਨ ਉਹਨਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ| ਅਕਾਦਮਿਕ ਖੇਤਰ ਵਿਚ 6 ਪੀ ਐੱਚ ਡੀ, 12 ਐੱਮ ਐੱਸ ਸੀ ਵਿਦਿਆਰਥੀਆਂ ਦੀ ਅਗਵਾਈ ਕਰਨ ਦੇ ਨਾਲ-ਨਾਲ 30 ਉਤਪਾਦਨ ਤਕਨੀਕਾਂ ਇਸ ਖੇਤਰ ਵਿਚ ਦਿੱਤੀਆਂ| ਬਹੁਤ ਸਾਰੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਡਾ. ਗਿੱਲ ਵਰਤਮਾਨ ਸਮੇਂ ਵਿਚ ਡੀਨ ਪੋਸਟ ਗ੍ਰੈਜੂਏਟ ਦੀ ਜ਼ਿੰਮੇਵਾਰੀ ਨੂੰ ਅੰਜ਼ਾਮ ਦੇ ਰਹੇ ਹਨ| ਪੀ.ਏ.ਯੂ. ਦੇ ਵਾਈਸ ਚਾਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਡਾ. ਗਿੱਲ ਨੂੰ ਇਸ ਵੱਕਾਰੀ ਐਵਾਰਡ ਮਿਲਣ ਤੇ ਵਧਾਈ ਦਿੱਤੀ|