ਲੁਧਿਆਣਾ 25 ਜੁਲਾਈ 2024 : ਅੱਜ ਪੀ.ਏ.ਯੂ. ਵਾਈਸ ਚਾਂਸਲਰ ਸੈਮੀਨਾਰ ਹਾਲ ਵਿਚ ਬਾਇਓਤਕਨਾਲੋਜੀ ਦੇ ਸਾਬਕਾ ਪ੍ਰੋਫੈਸਰ ਡਾ. ਗੁਰਬਚਨ ਸਿੰਘ ਮਿਗਲਾਨੀ ਦੀ ਕਿਤਾਬ ਐਪੀਜੈਨੇਟਿਕਸ ਐਂਡ ਬਾਇਲੋਜੀਕਲ ਪ੍ਰੋਸੈਸਿਜ਼ ਜਾਰੀ ਕੀਤੀ ਗਈ| ਇਸ ਕਿਤਾਬ ਨੂੰ ਜਾਰੀ ਕਰਨ ਦੀ ਰਸਮ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ-ਕਮਲਾਂ ਨਾਲ ਨਿਭਾਈ| ਜ਼ਿਕਰਯੋਗ ਹੈ ਕਿ ਡਾ. ਮਿਗਲਾਨੀ ਵਾਈਸ ਚਾਂਸਲਰ ਦੇ ਅਧਿਆਪਕ ਰਹੇ ਹਨ|
ਡਾ. ਗੋਸਲ ਨੇ ਇਸ ਮੌਕੇ ਗੱਲ ਕਰਦਿਆਂ ਕਿਤਾਬ ਦੀ ਸ਼ਾਨਦਾਰ ਦਿੱਖ ਦੇ ਨਾਲ-ਨਾਲ ਇਸਦੇ ਮਹੱਤਵ ਉੱਪਰ ਵੀ ਚਾਨਣਾ ਪਾਇਆ| ਉਹਨਾਂ ਕਿਹਾ ਕਿ ਐਪੀਜੈਨੇਟਿਕਸ ਨਵੀਨ ਜੈਵ ਵਿਗਿਆਨ ਦਾ ਖੇਤਰ ਹੈ ਅਤੇ ਇਸਦਾ ਅਰਥ ਹੈ ਜੈਨੇਟਿਕਸ ਤੋਂ ਉੱਪਰ ਜਾਂ ਅਗਾਂਹ| ਜਦੋਂ ਅਸੀਂ ਜੀਵਾਂ ਦੇ ਵਿਕਾਸ ਨੂੰ ਵਿਗਿਆਨਕ ਨਜ਼ਰੀਏ ਤੋਂ ਸਮਝਦੇ ਹਾਂ ਤਾਂ ਜੈਨੇਟਿਕਸ ਨੂੰ ਅਧਾਰ ਬਣਾਇਆ ਜਾਂਦਾ ਹੈ| ਵਾਈਸ ਚਾਂਸਲਰ ਨੇ ਦੱਸਿਆ ਕਿ ਇਹ ਵਿਗਿਆਨਕ ਤੱਥ ਹੈ ਕਿ ਕਿਸੇ ਨਸਲ ਜਾਂ ਜੱਦ ਦਾ ਅਧਾਰ ਜੈਨੇਟਿਕ ਗੁਣ ਹੀ ਹੁੰਦੇ ਹਨ| ਕਈ ਵਾਰੀ ਕਿਸੇ ਕਿਸਮ ਜਾਂ ਨਸਲ ਵਿਚ ਬਦਲਾਅ ਜਾਂ ਵਿਕਾਰ ਦੇਖਣ ਵਿਚ ਆਉਂਦੇ ਹਨ| ਉਹ ਐਪੀਜੈਨੇਟਿਕਸ ਦਾ ਵਿਸ਼ਾ ਹੈ| ਇਹ ਵਾਤਾਵਰਨ ਕਾਰਨ ਹੋ ਸਕਦਾ ਹੈ| ਉਹਨਾਂ ਕਿਹਾ ਕਿ ਜੈਵਿਕ ਪ੍ਰਕਿਰਿਆ ਵਿਚ ਪ੍ਰਭਾਵੀ ਤੱਤਾਂ ਬਾਰੇ ਜਾਨਣ ਦਾ ਮਾਧਿਅਮ ਵੀ ਐਪੀਜੈਨੇਟਿਕਸ ਹੋ ਸਕਦਾ ਹੈ| ਇਸ ਪੱਖ ਤੋਂ ਇਹ ਕਿਤਾਬ ਬੇਹੱਦ ਨਵੀਨ ਜਾਣਕਾਰੀ ਨਾਲ ਭਰਪੂਰ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਮਾਹਿਰਾਂ ਵੀ ਲਾਹੇਵੰਦ ਹੈ| ਜੈਨੇਟਿਕ ਵਿਕਾਰਾਂ ਨੂੰ ਸਮਝਣ ਲਈ ਇਹ ਵਿਧੀ ਲਾਹੇਵੰਦ ਹੋ ਸਕਦੀ ਹੈ ਅਤੇ ਪੌਦਿਆਂ ਉੱਪਰ ਬਾਹਰੀ ਦਬਾਵਾਂ ਤੋਂ ਪਏ ਪ੍ਰਭਾਵਾਂ ਦਾ ਵਿਸ਼ਲੇਸ਼ਣ ਵੀ ਇਸ ਤਰੀਕੇ ਨਾਲ ਹੋ ਸਕਦਾ ਹੈ| ਡਾ. ਗੋਸਲ ਨੇ ਕਿਹਾ ਕਿ ਫਸਲਾਂ ਦੇ ਵਿਕਾਸ ਅਤੇ ਵਾਤਾਵਰਨ ਪੱਖੀ ਕਿਸਮਾਂ ਦੇ ਸੁਧਾਰ ਲਈ ਇਹ ਵਿਧੀ ਬਹੁਤ ਮਹੱਤਵਪੂਰਨ ਹੈ| ਉਹਨਾਂ ਨੇ ਡਾ. ਮਿਗਲਾਨੀ ਦਾ ਇਸ ਕਿਤਾਬ ਨੂੰ ਲਿਖਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਡਾ. ਮਿਗਲਾਨੀ ਮਿਹਨਤੀ ਅਤੇ ਸਮਰਪਣ ਨਾਲ ਭਰਪੂਰ ਸ਼ਖਸੀਅਤ ਹਨ ਜਿਨ੍ਹਾਂ ਨੇ ਹੁਣ ਤੱਕ 17 ਕਿਤਾਬਾਂ ਲਿਖੀਆਂ ਹਨ| ਇਹਨਾਂ ਵਿੱਚੋਂ ਕਈ ਕਿਤਾਬਾਂ ਉਚੇਰੀ ਪੱਧਰ ਦੀ ਮਾਨਤਾ ਹਾਸਲ ਕਰ ਸਕੀਆਂ| ਡਾ. ਗੋਸਲ ਨੇ ਕਿਹਾ ਕਿ ਇਹਨਾ ਵਿਸ਼ਿਆਂ ਬਾਰੇ ਅਸੀਂ ਵਿਦੇਸ਼ੀ ਲੇਖਕਾਂ ਦੀਆਂ ਕਿਤਾਬਾਂ ਪੜਦੇ ਆਏ ਹਾਂ| ਮੈਨੂੰ ਖੁਸ਼ੀ ਹੈ ਕਿ ਹੁਣ ਵਿਦੇਸ਼ੀ ਲੇਖਕ ਸਾਡੀਆਂ ਕਿਤਾਬਾਂ ਪੜਨਗੇ| ਡਾ. ਗੁਰਬਚਨ ਸਿੰਘ ਮਿਗਲਾਨੀ ਨੇ ਆਪਣੀ ਰਚਨਾਤਮਕ ਯਾਤਰਾ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ| ਉਹਨਾਂ ਕਿਤਾਬ ਦੇ ਵਿਸ਼ੇ ਅਤੇ ਵਸਤੂ ਦੇ ਨਾਲ-ਨਾਲ ਉਹਨਾਂ ਵਿਅਕਤੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਲਗਾਤਾਰ ਲਿਖਦੇ ਰਹਿਣ ਲਈ ਪ੍ਰੇਰਿਤ ਕੀਤਾ ਹੈ| ਇਸਦੇ ਨਾਲ ਹੀ ਡਾ. ਮਿਗਲਾਨੀ ਨੇ ਪਲਾਂਟ ਬਰੀਡਿੰਗ ਦੇ ਖੇਤਰ ਵਿਚ ਐਪੀਜੈਨੇਟਿਕਸ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਿਹਾ ਕਿ ਆਉਣ ਵਾਲਾ ਯੁੱਗ ਇਸ ਸੂਖਮ ਵਿਗਿਆਨ ਰਾਹੀਂ ਜੈਵਿਕ ਵਿਕਾਸ ਨੂੰ ਮਨਚਾਹੀ ਦਿਸ਼ਾ ਵਿਚ ਮੋੜ ਸਕਦਾ ਹੈ| ਕਿਤਾਬ ਦੇ ਸਹਿ ਲੇਖਕ ਡਾ. ਮਨਿੰਦਰ ਕੌਰ ਨੇ ਵੀ ਕਿਤਾਬ ਦੇ ਲਿਖੇ ਜਾਣ ਦੇ ਤਜਰਬੇ ਸਾਂਝੇ ਕੀਤੇ| ਉਹਨਾਂ ਕਿਹਾ ਕਿ ਜੈਵਿਕ ਵਿਕਾਸ ਬਾਰੇ ਵਿਗਿਆਨਕ ਜਾਣਕਾਰੀ ਦੇ ਤਿੰਨ ਪੱਧਰ ਇਸ ਕਿਤਾਬ ਵਿਚ ਵਿਚਾਰੇ ਗਏ ਹਨ| ਇਹ ਕਿਤਾਬ ਜੀਵਾਂ ਦੀ ਜੀਵਕਤਾ ਅਤੇ ਵਿਕਾਸ ਦੀ ਜਾਣਕਾਰੀ ਤਾਂ ਦਿੰਦੀ ਹੀ ਹੈ ਇਸ ਨਾਲ ਜੈਵਿਕ ਸੰਸਾਰ ਦੀ ਮਕਾਨਕੀਅਤਾ ਨੂੰ ਸਮਝ ਕੇ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਪੈਦਾ ਕੀਤੀ ਜਾ ਸਕੇਗੀ| ਉਹਨਾਂ ਕਿਹਾ ਕਿ ਕਿਤਾਬ ਵਿਚ 400 ਤੋਂ ਵਧੇਰੇ ਕਿਤਾਬਾਂ ਅਤੇ ਖੋਜ ਪੱਤਰਾਂ ਨੂੰ ਵਿਚਾਰ ਕੇ ਨਵੀਆਂ ਲੱਭਤਾਂ ਸਾਹਮਣੇ ਲਿਆਂਦੀਆਂ ਹਨ| ਇਸ ਮੌਕੇ ਸਵਾਗਤ ਦੇ ਸ਼ਬਦ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਕਹੇ| ਉਹਨਾਂ ਕਿਹਾ ਕਿ ਡਾ. ਮਿਗਲਾਨੀ ਵਰਗੀ ਮਿਹਨਤੀ ਹਸਤੀ ਆਉਣ ਵਾਲੀਆਂ ਪੀੜੀਆਂ ਲਈ ਰਾਹ ਦਿਸੇਰਾ ਬਣੇਗੀ| ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ| ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ| ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਡੀਨ ਕਮਿਊਨਟੀ ਸਾਇੰਸ ਕਾਲਜ ਡਾ. ਕਿਰਨ ਬੈਂਸ, ਫ਼ਲ ਵਿਗਿਆਨੀ ਡਾ. ਸਨਦੀਪ ਸਿੰਘ ਅਤੇ ਡਾ. ਮਿਗਲਾਨੀ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|