ਲੁਧਿਆਣਾ 31 ਜੁਲਾਈ 2024 : ਪੀ.ਏ.ਯੂ. ਵਿਚ ਜਾਰੀ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ (ਪਾਬੀ) ਤੋਂ ਸਿਖਲਾਈ ਹਾਸਲ ਕਰਨ ਵਾਲੇ ਕਾਰੋਬਾਰ ਉੱਦਮੀ ਐਗਰੋਟੈੱਕ ਪਲੈਨੇਟ ਨੇ ਇਕ ਵਿਸ਼ੇਸ਼ ਜੰਤਰ ਤਿਆਰ ਕੀਤਾ ਹੈ। ਐਪਲ ਕੈਚਰ ਨਾਂ ਦੀ ਇਹ ਮਸ਼ੀਨ ਸੇਬਾਂ ਦੀ ਤੁੜਾਈ ਨੂੰ ਮੱਦੇਨਜ਼ਰ ਰੱਖ ਕੇ ਡਿਜ਼ਾਇਨ ਅਤੇ ਵਿਕਸਿਤ ਕੀਤੀ ਗਈ ਹੈ। ਇਹ ਕਾਰੋਬਾਰ ਉੱਦਮੀ ਫਰਮ ਇਸ਼ਫਾਕ ਅਹਿਮਦ ਵਾਨੀ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਹੈ। ਐਪਲ ਕੈਚਰ ਇਕ ਅਜਿਹੀ ਛੋਟੀ ਮਸ਼ੀਨ ਹੈ ਜੋ ਸੇਬਾਂ ਨੂੰ ਬੜੀ ਕੁਸ਼ਲਤਾ ਨਾਲ ਤੋੜਦੀ, ਸੰਭਾਲਦੀ ਅਤੇ ਇਕੱਠੇ ਕਰਦੀ ਹੈ। ਬਹੁਤ ਘੱਟ ਕੀਮਤ ਵਾਲੀ ਵਿਸ਼ੇਸ਼ ਤੌਰ ਤੇ ਬਣਾਈ ਗਈ ਇਸ ਮਸ਼ੀਨ ਨੂੰ ਰੁੱਖ ਦੇ ਦੁਆਲੇ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਹ ਜ਼ਿਆਦਾ ਸੰਘਣੇ, ਦਰਮਿਆਨੇ ਸੰਘਣੇ ਅਤੇ ਰਵਾਇਤੀ ਤੌਰ ਤੇ ਲਾਏ ਗਏ ਬਾਗਾਂ ਵਿਚ ਵੀ ਕਾਰਜ ਕਰ ਸਕਦੀ ਹੈ। ਇਸ ਨਾਲ ਮਜ਼ਦੂਰੀ ਦਾ ਖਰਚਾ ਅਤੇ ਸਮਾਂ ਦੋਨਾਂ ਦੀ ਬੱਚਤ ਹੁੰਦੀ ਹੈ ਅਤੇ ਇਸ ਨਾਲ 110 ਕਿੱਲੋ ਸੇਬ ਤੋੜ ਕੇ ਸੰਭਾਲੇ ਜਾ ਸਕਦੇ ਹਨ। ਸੇਬਾਂ ਦੇ ਕਿਸਾਨਾਂ ਲਈ ਇਹ ਮਸ਼ੀਨ ਬੜੀ ਲਾਹੇਵੰਦ ਹੈ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਕਾਰੋਬਾਰੀ ਉੱਦਮੀ ਵੱਲੋਂ ਤਿਆਰ ਕੀਤੀ ਮਸ਼ੀਨ ਉੱਪਰ ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਸਾਡੇ ਨਵੇਂ ਕਾਰੋਬਾਰੀਆਂ ਅਤੇ ਖੇਤੀ ਖੋਜੀਆਂ ਨੂੰ ਉਤਸ਼ਾਹ ਅਤੇ ਪ੍ਰੇਰਨਾ ਰੂਪੀ ਹੁਲਾਰਾ ਮਿਲੇਗਾ। ਇਹ ਮਸ਼ੀਨ ਸੇਬ ਦੀ ਕਾਸ਼ਤ ਅਤੇ ਉਦਯੋਗ ਵਿਚ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ ਜਿਸ ਨਾਲ ਸੇਬਾਂ ਦੀ ਤੁੜਾਈ ਸੌਖੀ ਅਤੇ ਘੱਟ ਖਰਚੀਲੀ ਹੋ ਜਾਵੇਗੀ। ਇਸ ਮਸ਼ੀਨ ਨੂੰ ਵਿਕਸਿਤ ਕਰਨ ਲਈ ਇਸ਼ਫਾਕ ਅਹਿਮਦ ਵਾਨੀ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ। ਪਾਬੀ ਦੇ ਮੁੱਖ ਨਿਗਰਾਨ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਪ੍ਰਾਪਤੀ ਲਈ ਐਗਰੋਟੈੱਕ ਪਲੈਨੇਟ ਨੂੰ ਵਧਾਈ ਦਿੰਦਿਆਂ ਇਸ ਮਸ਼ੀਨ ਨੂੰ ਸੇਬਾਂ ਦੀ ਕਾਸ਼ਤ ਦੇ ਖੇਤਰ ਵਿਚ ਕ੍ਰਾਂਤੀਕਾਰੀ ਕਦਮ ਕਿਹਾ। ਡਾ. ਰਿਆੜ ਨੇ ਕਿਹਾ ਕਿ ਅੱਜ ਦਾ ਯੁੱਗ ਮਸ਼ੀਨੀ ਢੰਗ ਨਾਲ ਤਕਨੀਕੀ ਲੱਭਤਾਂ ਨੂੰ ਲਾਗੂ ਕਰਨ ਦਾ ਹੈ ਅਤੇ ਇਸ ਦਿਸ਼ਾ ਵਿਚ ਇਸ ਕਾਰੋਬਾਰੀ ਉੱਦਮੀ ਨੇ ਬੇਹੱਦ ਮਾਰਕੇ ਵਾਲਾ ਕਾਰਜ ਕੀਤਾ ਹੈ।