ਲੁਧਿਆਣਾ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਅਤੇ ਫਿਕੀ ਫਲੋ ਲੁਧਿਆਣਾ ਦੇ ਸਹਿਯੋਗ ਨਾਲ 'ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਦਿਵਿਆਂਗ ਲਈ' (ਐਨ.ਸੀ.ਐਸ.ਸੀ. ਫਾਰ ਡੀ.ਏ.) ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ ਕਰਵਾਇਆ ਗਿਆ। ਰੋਜ਼ਗਾਰ ਮੇਲੇ ਦੌਰਾਨ ਏਵਨ ਸਾਈਕਲ, ਟੈਕ ਆਟੋ, ਓਸ਼ੋ ਟੂਲਜ਼, ਐਕਸਿਸ ਬੈਂਕ, ਆਨੰਦ ਕੋਨਕਾਸਟ ਲਿਮਟਿਡ ਸਮੇਤ ਵੱਖ-ਵੱਖ 15 ਕੰਪਨੀਆਂ ਨੇ ਹਿੱਸਾ ਲਿਆ। ਮੇਲੇ ਦੌਰਾਨ 25 ਦਿਵਿਆਂਗ ਸਮੇਤ ਕੁੱਲ 113 ਬੇਰੋਜ਼ਗਾਰ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਜ਼ਿਨ੍ਹਾਂ ਵਿੱਚੋਂ 55 ਉਮੀਦਵਾਰ ਦੀ ਚੋਣ ਕੀਤੀ ਗਈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵੱਲੋਂ ਦਿਵਿਆਂਗ ਜਨ ਲਈ ਸਿਖਲਾਈ ਅਤੇ ਰੋਜ਼ਗਾਰ ਸਬੰਧੀ 'ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਦਿਵਿਆਂਗ ਲਈ' (ਐਨ.ਸੀ.ਐਸ.ਸੀ. ਫਾਰ ਡੀ.ਏ.) ਸਥਾਨਕ ਏ.ਟੀ.ਆਈ. ਕੈਂਪਸ, ਗਿੱਲ ਰੋਡ, ਲੁਧਿਆਣਾ ਵਿਖੇ ਸਥਾਪਤ ਕੀਤਾ ਗਿਆ ਹੈ। ਇਹ ਕੇਂਦਰ ਦਿਵਿਆਂਗ ਵਿਅਕਤੀਆਂ ਨੂੰ ਰੋਜ਼ਗਾਰ ਪੰਜੀਕਰਣ, ਕੌਸ਼ਲ ਵਿਕਾਸ ਅਤੇ ਕਾਰੋਬਾਰ ਕਰਨ ਵਿੱਚ ਸਹਿਯੋਗ ਕਰਨ ਲਈ ਰਾਹ ਦਸੇਰਾ ਹੈ। ਰੋਜ਼ਗਾਰ ਮੇਲੇ ਦੌਰਾਨ ਪ੍ਰਮੁੱਖ ਤੌਰ 'ਤੇ ਡੀ.ਬੀ.ਈ.ਈ. ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ, ਫਿਕੀ ਫਲੋ ਦੀ ਚੇਅਰਪਰਸਨ ਸ੍ਰੀਮਤੀ ਨੇਹਾ ਗੁਪਤਾ, ਸ੍ਰੀ ਧੀਰਜ ਕੁਮਾਰ ਸ੍ਰੀਵਾਸਤਵ ਵੀ ਮੌਜੂਦ ਰਹੇ। ਇਸ ਸਮਾਗਮ ਦਾ ਸਫਲ ਆਯੋਜਨ, ਸਹਾਇਕ ਡਾਇਰੈਕਟਰ, ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਦਿਵਿਆਂਗ ਲਈ' ਸ੍ਰੀ ਆਸ਼ੀਸ਼ ਕੁੱਲੁ ਦੀ ਨਿਗਰਾਨੀ ਹੇਠ ਹੋਇਆ।