- ਇਫਕੋ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਨੈਨੋ ਯੂਰੀਆ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਜਾਗਰੁਕਤਾ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ
ਫ਼ਰੀਦਕੋਟ: 2 ਅਗਸਤ 2024 : ਵਿਸ਼ਵ ਦੀ ਸਭ ਤੋਂ ਵੱਡੀ ਸਹਿਕਾਰੀ ਖਾਦ ਸੰਸਥਾ ਇਫਕੋ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਅਸ਼ੋਕ ਚੱਕਰ ਹਾਲ ,ਜ਼ਿਲਾ ਪ੍ਰਸ਼ਾਸ਼ਨ ਕੰਪਲੈਕਸ ਵਿੱਚ ਖੇਤੀ ਸਮੱਗਰੀ ਵਿਕ੍ਰੇਤਾਵਾਂ ਅਤੇ ਕਿਸਾਨਾਂ ਦਾ ਜਾਗਰੂਕਤਾ ਪ੍ਰੋਗਰਾਮ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਫਸਲਾਂ ਦੀ ਪੈਦਾਵਾਰ ਲਈ ਕਿਸਾਨਾਂ ਵੱਲੋਂ ਸਿਫਾਰਸ਼ਾਂ ਤੋਂ ਵੱਧ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਵਾਤਾਵਰਣ ਦੇ ਨਾਲ ਮਿੱਟੀ ਅਤੇ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਅਨੁਸਾਰ ਨਵੀਂਆਂ ਤਕਨੀਕਾਂ ਅਪਨਾਉਣ ਦੀ ਜ਼ਰੂਰਤ ਹੈ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਸ਼ੁਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨੈਨੋ ਯੂਰੀਆ ਆਧੁਨਿਕ ਯੁੱਗ ਦੀ ਨਵੀਨਤਮ ਨੈਨੋ ਤਕਨਾਲੋਜੀ ਨਾਲ ਤਿਆਰ ਕੀਤੀ ਅਜਿਹੀ ਖਾਦ ਹੈ ਜਿਸ ਦੇ ਇਸਤੇਮਾਲ ਨਾਲ ਰਸਾਇਣਿਕ ਖਾਦਾਂ ਖਾਸ ਕਰਕੇ ਦਾਣੇਦਾਰ ਯੂਰੀਆ ਅਤੇ ਡਾਇਆ ਦੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ ਉਨਾਂ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਨੈਨੋ ਯੂਰੀਆ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਨੈਨੋ ਯੂਰੀਆ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਅਤੇ ਵਿਕਰੀ ਦੀ ਰਿਪੋਰਟ ਹਰ ਹਫਤੇ ਭੇਜੀ ਜਾਵੇ । ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਾਲ ਕੁਝ ਰਕਬੇ ਵਿੱਚ ਨੈਨੋ ਯੂਰੀਆ ਦੀ ਵਰਤੋਂ ਦੱਸੇ ਗਏ ਤਰੀਕਿਆਂ ਨਾਲ ਇਸਤੇਮਾਲ ਕਰਕੇ ਤਜ਼ਰਬਾ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਨੈਨੋ ਯੂਰੀਆ ਦੀ ਵਰਤੋਂ ਨੂੰ ਉਤਸਾਹਿਤ ਕਰਨ ਜ਼ਿਲਾ ਫਰੀਦਕੋਟ ਵਿੱਚ ਇਫਕੋ ਵੱਲੋਂ ਸਹਿਕਾਰੀ ਸਭਾਵਾਂ ਵਿੱਚ ਤਿੰਨ ਡਰੋਨ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਖਾਦ ਡੀਲਰਾਂ ਨੂੰ ਨੈਨੋ ਖਾਦਾਂ ਅਪਣਾਉਣ ਅਤੇ ਉਨਾਂ ਦੇ ਸਹੀ ਢੰਗ ਨਾਲ ਪ੍ਰਚਾਰ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਨ ਨੂੰ ਦੂਸਿਤ ਹੋਣ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਰਸਾਇਣਿਕ ਖਾਦਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਿਆਰੀ ਬਾਸਮਤੀ ਪੈਦਾ ਕਰਕੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ 10 ਕੀਟਨਾਸ਼ਕਾਂ ਦਾ ਬਾਸਮਤੀ ਦੀ ਫਸਲ ਉਪਰ ਇਸਤੇਮਾਲ ਕਰਨ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ । ਉਨ੍ਹਾਂ ਸਮੂਹ ਕੀਟਨਾਸ਼ਕ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਜਿੰਨਾਂ ਡੀਲਰਾਂ ਕੋਲ ਇਨਾਂ ਪਾਬੰਧੀਸ਼ੁਦਾ ਕੀਟਨਾਸ਼ਕਾਂ ਦਾ ਸਟਾਕ ਮੌਜੂਦ ਹੈ, ਉਹ ਇਨ੍ਹਾਂ ਕੀਟਨਾਸ਼ਕਾਂ ਦੀ ਵਿਕਰੀ ਦਾ ਪੂਰਾ ਰਿਕਾਰਡ ਰੱਖਣ ਅਤੇ ਬਾਸਮਤੀ ਦੀ ਫਸਲ ਉੱਪਰ ਛਿੜਕਾਅ ਕਰਨ ਲਈ ਕਿਸਾਨਾਂ ਨੂੰ ਵਿਕਰੀ ਬਿੱਲਕੁਲ ਨਾ ਕਰਨ। ਮੁੱਖ ਖੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਨੇ ਕਿਹਾ ਕਿ ਜੇਕਰ ਕੋਈ ਡੀਲਰ ਇਨਾਂ ਕੀਟਨਾਸ਼ਕਾਂ ਦੀ ਬਾਸਮਤੀ ਦੀ ਫਸਲ ਉਪਰ ਛਿੜਕਾਅ ਕਰਨ ਵਿਕਰੀ ਕਰਦਾ ਪਾਇਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ. ਹਰਮੇਲ ਸਿੰਘ ਸਿੱਧੂ ਸਟੇਟ ਮਾਰਕੀਟਿੰਗ ਮੈਨੇਜਰ,ਇਫਕੋ ,ਪੰਜਾਬ ਨੇ ਬੜੇ ਹੀ ਵਿਸਤਾਰ ਪੂਰਵਕ ਢੰਗ ਨਾਲ ਨੈਨੋ ਖਾਦਾਂ ਦੀ ਵਰਤੋਂ ਉਹਨਾਂ ਦੇ ਫਾਇਦੇ ਅਤੇ ਜਰੂਰਤ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਹੀ ਡੀਲਰਾਂ ਨੂੰ ਵੱਧ ਤੋਂ ਵੱਧ ਨੈਨੋ ਦਾ ਪ੍ਰਚਾਰ ਕਿਸਾਨਾਂ ਤੱਕ ਕਰਨ ਦੀ ਅਪੀਲ ਕੀਤੀ । ਇਸ ਪ੍ਰੋਗਰਾਮ ਦੇ ਪ੍ਰਬੰਧਕ ਸ਼੍ਰੀ ਸ਼ੁਭਮ ਬੰਸਲ, ਫੀਲਡ ਅਫਸਰ, ਇਫਕੋ, ਫਰੀਦਕੋਟ ਨੇ ਆਏ ਹੋਏ ਸਾਰੇ ਹੀ ਅਫਸਰ ਸਾਹਿਬਾਨ ਅਤੇ ਡੀਲਰਾਂ ਦਾ ਧੰਨਵਾਦ ਕੀਤਾ।