ਜਿਲਾ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਯੁੱਧ: ਜਾਗਰੂਕਤਾ ਮੁਹਿੰਮ ਤੇ ਸਮਾਜਕ ਸੰਪਰਕ ਪ੍ਰੋਗਰਾਮ ਕਰਵਾਇਆ ਗਿਆ

  • ਨਸ਼ਿਆਂ ਖਿਲਾਫ ਲੋਕ ਪੁਲਿਸ ਨੂੰ ਸਹਿਯੋਗ ਕਰਨ:- ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ, 22 ਮਈ 2025 : ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੁਲਿਸ ਵੱਲੋਂ ਨਸ਼ਿਆਂ ਦੇ ਖ਼ਿਲਾਫ ਲਗਾਤਾਰ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵੱਡਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।  ਇਹ ਪ੍ਰੋਗਰਾਮ ਐਸ.ਐਸ.ਪੀ ਡਾ. ਅਖਿਲ ਚੌਧਰੀ ਆਈ.ਪੀ.ਐਸ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜਿਸਦਾ ਮੁੱਖ ਉਦੇਸ਼ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਪ੍ਰੇਰਿਤ ਕਰਨਾ ਹੈ। ਇਸ ਮੁਹਿੰਮ ਤਹਿਤ ਪਹਿਲਾਂ ਵੀ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਪਿੰਡਾਂ, ਸ਼ਹਿਰਾਂ, ਸਕੂਲਾਂ ਅਤੇ ਕਾਲਜਾਂ ਵਿੱਚ ਜਾਕੇ ਜਾਗਰੂਕ ਪ੍ਰੋਗਰਾਮ ਕਰਵਾ ਰਹੀਆਂ ਹਨ ਅਤੇ ਵਿਦਿਆਰਥੀਆਂ ਤੇ ਲੋਕਾਂ ਨੂੰ ਨਸ਼ਿਆਂ ਦੇ ਭਿਆਨਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਅੱਜ ਮਲੋਟ ਵਿਖੇ ਵੀ ਇਸ ਜਾਗਰੂਕਤਾ ਮੁਹਿੰਮ ਦੇ ਤਹਿਤ ਇੱਕ ਵਿਸ਼ੇਸ਼ ਸੰਪਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿੰਡਾਂ ਅਤੇ ਸ਼ਹਿਰਾਂ ਤੋਂ ਮੋਹਤਵਰ ਵਿਅਕਤੀਆਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਅਖਿਲ ਚੌਧਰੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਡੀ.ਐਸ.ਪੀ ਮਲੋਟ ਸ੍ਰੀ ਇਕਬਾਲ ਸਿੰਘ, ਇੰਸਪੈਕਟਰ ਦਵਿੰਦਰ ਕੁਮਾਰ ਅਤੇ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਲੋਕਾਂ ਨਾਲ ਮੁਲਾਕਾਤ ਕੀਤੀ, ਨਸ਼ਿਆਂ ਖਿਲਾਫ ਪੁਲਿਸ ਦੀਆਂ ਕਾਰਵਾਈਆਂ ਬਾਰੇ ਸੂਚਿਤ ਕੀਤਾ ਅਤੇ ਲੋਕਾਂ ਪਾਸੋਂ ਸੁਝਾਅ ਲਏ ਗਏ। ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਇਸ ਮੌਕੇ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਖ਼ਿਲਾਫ ਕੀਤੀਆਂ ਜਾ ਰਹੀਆਂ ਸਖਤ ਕਾਰਵਾਈਆਂ ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਸਿਰਫ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਹੀ ਕਾਰਵਾਈ ਨਹੀਂ ਕੀਤੀ ਜਾ ਰਹੀ, ਬਲਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਚਾਉਣ ਲਈ ਵੀ ਪੁਲਿਸ ਵੱਲੋਂ ਜਰੂਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਨਸ਼ਿਆਂ ਨਾਲ ਲੜਾਈ ਵਿੱਚ ਇਲਾਜ ਅਤੇ ਪ੍ਰੇਰਨਾ ਦੀ ਬਹੁਤ ਵੱਡੀ ਭੂਮਿਕਾ ਹੈ ਅਤੇ ਇਸ ਲਈ ਜੋ ਨੌਜਵਾਨ ਨਸ਼ਿਆਂ ਵਿੱਚ ਫਸ ਚੁੱਕੇ ਹਨ, ਉਹਨਾਂ ਨੂੰ ਸਰਕਾਰੀ ਨਸ਼ਾ ਛੁਡਾਉ ਸੈਂਟਰਾਂ ਵਿੱਚ ਇਲਾਜ ਲਈ ਭੇਜਿਆ ਜਾ ਰਿਹਾ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਲਗਭਗ 250 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਹਨ ਅਤੇ 450 ਤੋਂ ਵੱਧ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਜਾਗਰੂਕਤਾ ਟੀਮਾਂ ਗਰਾਊਂਡ ਲੈਵਲ ਤੇ ਪਿੰਡਾਂ, ਸ਼ਹਿਰਾਂ, ਸਕੂਲਾਂ ਅਤੇ ਕਾਲਜਾਂ ਵਿੱਚ ਮੁਹਿੰਮ ਚਲਾ ਰਹੀਆਂ ਹਨ, ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾਂਦਾ ਹੈ ਅਤੇ ਜੋ ਨੌਜਵਾਨ ਗਲਤ ਸੰਗਤ ਵਿੱਚ ਪੈ ਗਏ ਹਨ, ਉਹਨਾਂ ਨੂੰ ਸਮਝਾ ਕੇ ਮੋਟੀਵੇਟ ਕੀਤਾ ਜਾਂਦਾ ਹੈ। ਉਨ੍ਹਾਂ ਨੇ ਪਰਿਵਾਰਾਂ ਦੀ ਜ਼ਿੰਮੇਵਾਰੀ ਅਤੇ ਘਰੇਲੂ ਸਹਿਯੋਗ ਦੀ ਮਹੱਤਤਾ ਬਾਰੇ ਵੀ ਖਾਸ ਜ਼ੋਰ ਦਿੱਤਾ। ਐੱਸ.ਐੱਸ.ਪੀ ਨੇ ਇਹ ਵੀ ਦੱਸਿਆ ਕਿ ਕਈ ਵਾਰ ਪਿੰਡਾਂ ਜਾਂ ਸ਼ਹਿਰਾਂ ਵਿੱਚ ਕੋਈ ਨੌਜਵਾਨ ਨਸ਼ਿਆਂ ਦੇ ਚੱਕਰ ਵਿੱਚ ਫਸ ਕੇ ਗਲਤ ਰਾਹ ‘ਤੇ ਚੱਲ ਪੈਂਦਾ ਹੈ ਪਰ ਲੋਕ ਉਸ ਨੂੰ ਅਣਦੇਖਾ ਕਰ ਦਿੰਦੇ ਹਨ, ਜਿਸ ਨਾਲ ਉਸ ਦੀ ਹਾਲਤ ਹੋਰ ਵਿਗੜਦੀ ਹੈ। ਸਮਾਜ ਵੱਲੋਂ ਪੁਲਿਸ ਦੀ ਮਦਦ ਲੈ ਕੇ, ਇਕੱਠੇ ਮਿਲ ਕੇ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਸਮਝਾਉਣਾ, ਮੋਟੀਵੇਟ ਕਰਨਾ ਅਤੇ ਇਲਾਜ ਲਈ ਭੇਜਣਾ ਚਾਹੀਦਾ ਹੈ। ਪੁਲਿਸ ਹਮੇਸ਼ਾ ਲੋਕਾਂ ਦੀ ਸਹਾਇਤਾ ਲਈ ਤਿਆਰ ਰਹਿੰਦੀ ਹੈ ਅਤੇ ਜੇਕਰ ਜਨਤਾ ਪੁਲਿਸ ਨੂੰ ਨਸ਼ਾ ਸਮਗਲਰਾਂ ਜਾਂ ਨਸ਼ਿਆਂ ਦੀ ਜਾਣਕਾਰੀ ਦਿੰਦੀ ਹੈ ਤਾਂ ਪੁਲਿਸ ਉਸ ‘ਤੇ ਤੁਰੰਤ ਕਾਰਵਾਈ ਕਰਦੀ ਹੈ। ਇਸ ਲਈ ਆਮ ਲੋਕਾਂ ਦੀ ਭੂਮਿਕਾ ਇਸ ਮੁਹਿੰਮ ਵਿੱਚ ਸਭ ਤੋਂ ਵੱਡੀ ਹੈ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਲੋਕਾਂ ਵੱਲੋਂ  ਬਹੁਤ ਸਾਰੇ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਐੱਸ.ਐੱਸ.ਪੀ ਨੇ ਜਵਾਬ ਦਿੱਤੇ ਗਏ ਅਤੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਪੁਲਿਸ ਹਮੇਸ਼ਾ ਉਹਨਾਂ ਦੇ ਸਹਿਯੋਗ ਲਈ ਮੌਜੂਦ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੌਜਵਾਨ ਜਾਂ ਪਰਿਵਾਰ ਨੂੰ ਮਦਦ ਦੀ ਲੋੜ ਹੋਵੇ, ਉਹ ਬੇਝਿਝਕ ਪੁਲਿਸ ਕੋਲ ਆ ਸਕਦੇ ਹਨ। ਇਸ ਸਮਾਜਕ ਜਾਗਰੂਕਤਾ ਪ੍ਰੋਗਰਾਮ ਦਾ ਮੁੱਖ ਸੰਦੇਸ਼ ਸਾਫ਼ ਹੈ ਕਿ ਨਸ਼ਿਆਂ ਦੀ ਸਮੱਸਿਆ ਸਿਰਫ ਨਸ਼ੇਬਾਜ਼ ਜਾਂ ਸਮਗਲਰਾਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਸਮੂਹ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਹਰ ਇੱਕ ਵਿਅਕਤੀ, ਪਰਿਵਾਰ ਅਤੇ ਸਮਾਜਕ ਸੰਸਥਾ ਨੂੰ ਮਿਲ ਕੇ ਇਸ ਯੁੱਧ ਵਿੱਚ ਭਾਗ ਲੈਣਾ ਜਰੂਰੀ ਹੈ। ਨਸ਼ਿਆਂ ਤੋਂ ਬਚਾਅ ਅਤੇ ਇਲਾਜ ਲਈ ਸਮੂਹਿਕ ਕੋਸ਼ਿਸ਼ਾਂ ਹੀ ਇਸ ਲੜਾਈ ਦੀ ਜਿੱਤ ਦਾ ਮੂਲ ਮੰਤ੍ਰ ਹੈ। ਪੁਲਿਸ ਦੀ ਜ਼ਿੰਮੇਵਾਰੀ ਹੈ ਨਸ਼ਾ ਸਮਗਲਰਾਂ ਤੇ ਕਾਨੂੰਨੀ ਕਾਰਵਾਈ ਕਰਨੀ ਅਤੇ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਦੀ ਸਹਾਇਤਾ ਕਰਨੀ, ਪਰ ਇਸ ਯੁੱਧ ਵਿੱਚ ਸਹਿਯੋਗ ਲਈ ਜਨਤਾ ਦੀ ਭੂਮਿਕਾ ਅਤਿ ਮਹੱਤਵਪੂਰਨ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਪਰਿਵਾਰ, ਵਿਅਕਤੀ ਅਤੇ ਸਮਾਜਿਕ ਵਰਗ ਨਸ਼ਿਆਂ ਦੇ ਖਿਲਾਫ ਇਸ ਮੁਹਿੰਮ ਵਿੱਚ ਭਰਪੂਰ ਹਿੱਸਾ ਲਵੇ, ਜੇਕਰ ਕਿਸੇ ਨੌਜਵਾਨ ਨੂੰ ਨਸ਼ਿਆਂ ਵਿੱਚ ਫਸਿਆ ਹੋਇਆ ਵੇਖੋ ਤਾਂ ਉਸਨੂੰ ਇਕੱਠੇ ਹੋ ਕੇ ਮੋਟੀਵੇਟ ਕਰੋ, ਉਸ ਦੀ ਸਹਾਇਤਾ ਕਰੋ ਅਤੇ ਜਰੂਰਤ ਪੈਂਦੇ ਹੀ ਪੁਲਿਸ ਨਾਲ ਸੰਪਰਕ ਕਰੋ। ਅਸੀਂ ਮਿਲ ਕੇ ਹੀ ਇਸ ਸਮਾਜਕ ਦੁਸ਼ਮਣ ਨੂੰ ਖ਼ਤਮ ਕਰ ਸਕਦੇ ਹਾਂ। ਪੁਲਿਸ ਸਦਾ ਤੁਹਾਡੇ ਸਹਿਯੋਗ ਲਈ ਤਤਪਰ ਹੈ। ਲਾਸਟ ਤੇ ਉਹਨਾਂ ਕਿਹਾ ਕਿ ਜੇਕਰ ਤੁਸੀਂ ਕੋਈ ਸਾਡੇ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਤੇ ਹੈਲਪਲਾਈਨ ਨੰਬਰ ਸ਼ੇਫ ਪੰਜਾਬ 9779100200 ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਪੁਲਿਸ ਹੈਲਪਲਾਈਨ ਨੰਬਰ 8054942100 ਤੇ ਸੰਪਰਕ ਕਰੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।